ਉੱਤਰ ਪ੍ਰਦੇਸ਼ : ਯੂਪੀ ਦੇ ਅੰਬੇਡਕਰ ਨਗਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ 8 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਦਰਅਸਲ, ਇੱਥੇ ਪਹਿਲਾਂ ਇੱਕ ਬਾਈਕ ਹਾਦਸਾ ਹੋਇਆ ਸੀ, ਜਿਸ ਵਿੱਚ 2 ਲੋਕ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਮਦਦ ਲਈ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਸਨ, ਪਰ ਉਦੋਂ ਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉੱਥੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਬੇਡਕਰ ਨਗਰ ਵਿੱਚ ਦੇਰ ਰਾਤ ਕਰੀਬ 12:00 ਵਜੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਸੀ । ਹਾਦਸੇ ਵਿੱਚ ਬਾਈਕ ਸਵਾਰ ਲੋਕ ਜ਼ਖਮੀ ਹੋ ਗਏ। ਇਸ ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਆਸ-ਪਾਸ ਦੇ ਲੋਕ ਉੱਥੇ ਜਮ੍ਹਾ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਇੱਕ ਬੇਕਾਬੂ ਸਵਿਫਟ ਡਿਜ਼ਾਇਰ ਕਾਰ ਆਈ ਅਤੇ ਉੱਥੇ ਮੌਜੂਦ ਅੱਧਾ ਦਰਜਨ ਤੋਂ ਵੱਧ ਲੋਕਾਂ ਨੂੰ ਕੁਚਲ ਦਿੱਤਾ। ਇਹ ਹਾਦਸਾ ਜ਼ਿਲ੍ਹਾ ਹੈੱਡਕੁਆਰਟਰ ਤੋਂ 30 ਕਿਲੋਮੀਟਰ ਦੂਰ ਜਲਾਲਪੁਰ ਕੋਤਵਾਲੀ ਖੇਤਰ ਦੇ ਅਕਬਰਪੁਰ ਮਾਰਗ ‘ਤੇ ਅਸ਼ਰਫਪੁਰ ਭੂਆ ਪਿੰਡ ਦੇ ਕੋਲ ਵਾਪਰਿਆ ਹੈ।
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ CHC ਜਲਾਲਪੁਰ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 6 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ, ਦੋ ਜ਼ਖਮੀਆਂ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਗਈ।
ਪੁਲਿਸ ਨੇ 6 ਲੋਕਾਂ ਦੀ ਪਛਾਣ ਕਰ ਲਈ ਹੈ, ਪਰ ਬਾਕੀ ਦੋ ਲੋਕਾਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਨਾਲ ਹੀ ਪਰਿਵਾਰ ਵਾਲਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਇਸ ਘਟਨਾ ਦੇ ਸਬੰਧ ਵਿੱਚ ਅਪਰ ਪੁਲਿਸ ਸੁਪਰਡੈਂਟ (ਈਸਟ) ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਵਾਹਨ ਚਾਲਕ ਦੀ ਭਾਲ ਜਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

