ਸ਼ਸ਼ੀ ਥਰੂਰ ਤੇ ਛੇ ਪੱਤਰਕਾਰਾਂ ‘ਤੇ ਯੂਪੀ ‘ਚ ਦੇਸ਼ ਧ੍ਰੋਹ ਦਾ ਕੇਸ ਦਰਜ

TeamGlobalPunjab
2 Min Read

ਨਵੀਂ ਦਿੱਲੀ:- ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਤੇ ਛੇ ਹੋਰ ਪੱਤਰਕਾਰਾਂ ‘ਤੇ ਯੂਪੀ ‘ਚ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਤੇ ਗਣਤੰਤਰ ਦਿਹਾੜੇ  ‘ਤੇ ਹੋਈ ਹਿੰਸਾ ਨਾਲ ਜੁੜੀ ਗਲਤ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ ਇਨ੍ਹਾਂ ‘ਤੇ ਸਮਾਜਿਕ ਅਸ਼ਾਤੀ ਫੈਲਾਉਣ ਦਾ ਇਲਜ਼ਾਮ ਹੈ। ਇਸ ਕਰਕੇ ਇਨ੍ਹਾਂ ‘ਤੇ ਵੱਖ-ਵੱਖ ਆਈਪੀਸੀ ਦੀਆਂ ਧਾਰਾਵਾਂ ਤਹਿਤ ਦੋਸ਼ ਲਾਏ ਗਏ ਹਨ।

ਦੱਸ ਦਈਏ ਕਿ ਐਫਆਈਆਰ ‘ਚ ਥਰੂਰ ਤੇ ਪੱਤਰਕਾਰਾਂ ‘ਤੇ “ਡਿਜੀਟਲ ਪ੍ਰਸਾਰਣ” ਤੇ “ਸੋਸ਼ਲ ਮੀਡੀਆ ਪੋਸਟਾਂ” ਲਈ ਦੋਸ਼ ਲਾਇਆ ਗਿਆ ਹੈ। ਐਫਆਈਆਰ ਮੁਤਾਬਕ ਇਨ੍ਹਾਂ ਲੋਕਾਂ ਨੇ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ‘ਚ ਦਾਅਵਾ ਕੀਤਾ ਸੀ ਕਿ ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਦੀ ਘੇਰਾਬੰਦੀ ਦੌਰਾਨ ਤੇ ਟਰੈਕਟਰ ਰੈਲੀ ਦੌਰਾਨ ਹਿੰਸਾ ‘ਚ ਇੱਕ ਕਿਸਾਨ ਨੂੰ ਗੋਲੀ ਮਾਰ ਦਿੱਤੀ ਸੀ।

26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹਜ਼ਾਰਾਂ ਪ੍ਰਦਰਸ਼ਨਕਾਰੀ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ‘ਚ ਟਰੈਕਟਰ ਰੈਲੀ ਦੌਰਾਨ ਪੁਲਿਸ ਨਾਲ ਭਿੜ ਗਏ ਸੀ। ਦਿੱਲੀ ਪੁਲਿਸ ਪਹਿਲਾਂ ਹੀ ਲਾਲ ਕਿਲ੍ਹੇ ਦੀ ਹਿੰਸਾ ਲਈ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਲੱਖਾ ਸਿਧਾਨਾ ‘ਤੇ ਐਫਆਈਆਰ ਕਰ ਚੁੱਕੀ ਹੈ।

ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਬੀਤੇ ਵੀਰਵਾਰ ਨੂੰ ਪੁਲਿਸ ਨੇ ਦਿੱਲੀ-ਯੂਪੀ ਦੀ ਗਾਜ਼ੀਪੁਰ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਧਰਨਾ ਸਥਲ ਖਾਲੀ ਕਰਨ ਲਈ ਕਿਹਾ ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ ਉਹ ਗੋਲੀ ਖਾਣ ਲਈ ਤਿਆਰ ਹੈ ਪਰ ਅੰਦੋਲਨ ਖ਼ਤਮ ਨਹੀਂ ਕਰਨਗੇ।

- Advertisement -

Share this Article
Leave a comment