ਸੈਨ ਫਰਾਂਸਿਸਕੋ : ਅਮਰੀਕਾ ਦੇ ਇਡਾਹੋ ਸੂਬੇ ‘ਚ ਕੋਇਰਰੇਨ ਡੈਲਿਨ ਝੀਲ ਦੇ ਉੱਪਰ ਦੋ ਜਹਾਜ਼ਾਂ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਜਹਾਜ਼ ਝੀਲ ਵਿੱਚ ਡੁੱਬ ਗਏ। ਇਸ ਹਾਦਸੇ ‘ਚ ਘੱਟੋ ਘੱਟ ਅੱਠ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਇਨ੍ਹਾਂ ‘ਚੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਛੇ ਹੋਰਾਂ ਦੀਆਂ ਲਾਸ਼ਾਂ ਦੀ ਭਾਲ ਜਾਰੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਚਾਲਕ ਦੇ ਮੈਂਬਰਾਂ ਸਮੇਤ ਕੁੱਲ 8 ਵਿਅਕਤੀ ਦੋਵੇਂ ਜਹਾਜ਼ਾਂ ‘ਚ ਸਵਾਰ ਸਨ ਪਰ ਅਜੇ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਝੀਲ ਦੇ ਉੱਪਰ ਦੋ ਜਹਾਜ਼ਾਂ ਵਿਚਾਲੇ ਟੱਕਰ ਇੰਨੀ ਭਿਆਨਕ ਸੀ ਕਿ ਕਿਸੇ ਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ। ਕੂਟੇਨਾਈ ਕਾਊਂਟੀ ਸ਼ੈਰਿਫ ਦਫਤਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਇਹ ਹਾਦਸਾ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ 2.20 ਵਜੇ ਵਾਪਰਿਆ। ਪੀੜਤਾਂ ਵਿੱਚ ਬੱਚੇ ਅਤੇ ਬਾਲਗ ਸ਼ਾਮਲ ਸਨ। ਬਿਆਨ ਅਨੁਸਾਰ ਜਹਾਜ਼ ਇਕ ਦੂਜੇ ਨਾਲ ਟਕਰਾਉਣ ਤੋਂ ਬਾਅਦ 127 ਫੁੱਟ ਹੇਠਾਂ ਝੀਲ ਦੇ ਪਾਣੀ ਵਿੱਚ ਡੁੱਬ ਗਏ।
ਯੂਐਸ ਦੇ ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਬੁਲਾਰੇ ਇਆਨ ਗ੍ਰੇਗੋਰ ਨੇ ਦੱਸਿਆ ਕਿ ਹਾਦਸੇ ‘ਚ ਸ਼ਾਮਲ ਇੱਕ ਜਹਾਜ਼ ਸੇਸਨਾ -206 ਸੀ। ਹਾਲਾਂਕਿ ਅਜੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ।