ਫਿਲਾਡੇਲਫੀਆ ‘ਚ ਇੱਕ ਘਰ ‘ਚ ਅਚਾਨਕ ਅੱਗ ਲੱਗਣ ਨਾਲ 8 ਬੱਚਿਆਂ ਸਮੇਤ 12 ਲੋਕਾਂ ਦੀ ਮੌਤ

TeamGlobalPunjab
2 Min Read

ਫਿਲਾਡੇਲਫਿਆ : ਅਮਰੀਕਾ ਦੇ ਫਿਲਾਡੇਲਫਿਆ ਸ਼ਹਿਰ ’ਚ ਦੋ ਮੰਜ਼ਿਲਾ ਮਕਾਨ ’ਚ ਲੱਗੀ ਭਿਆਨਕ ਅੱਗ ’ਚ ਅੱਠ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਫਾਇਰ ਬਿਰਗੇਡ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਦੋ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ ਅਤੇ ਬਾਕੀ ਪੀੜਤਾਂ ਦੀ ਭਾਲ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਭਿਆਨਕ ਅੱਗ ਕਾਰਨ ਹੋਰ ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਇਸ ਘਰ ਵਿੱਚ ਕੁੱਲ 26 ਲੋਕ ਰਹਿੰਦੇ ਸਨ। ਹੁਣ ਤੱਕ ਅੱਠ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।

ਇਸ ਘਟਨਾ ’ਤੇ ਗੱਲ ਕਰਦੇ ਹੋਏ ਸ਼ਹਿਰ ਦੇ ਮੇਅਰ ਜਿਮ ਕੇਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸ਼ਹਿਰ ਦੇ ਇਤਿਹਾਸ ’ਚ ਸਭ ਤੋਂ ਦੁਖਦ ਦਿਨਾਂ ’ਚੋਂ ਇਕ ਹੈ, ਇੰਨੇ ਦੁਖਦ ਤਰੀਕੇ ਨਾਲ ਇੰਨੇ ਸਾਰੇ ਲੋਕਾਂ ਦਾ ਨੁਕਸਾਨ ਬਹੁਤ ਹੀ ਦਰਦਨਾਕ ਹੈ।

ਫਾਇਰ ਅਧਿਕਾਰੀਆਂ ਮੁਤਾਬਿਕ ਘਰ ਨੂੰ ਅੱਗ ਲੱਗਣ ਦੀ ਚਿਤਾਵਨੀ ਦੇਣ ਵਾਲਾ ਅਲਾਰਮ ਕੰਮ ਨਹੀਂ ਕਰ ਰਿਹਾ ਸੀ। ਬੁੱਧਵਾਰ ਤੜਕੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਸ਼ਹਿਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ ਹੈ ਜਿਸ ਵਿੱਚ ਇੰਨੇ ਲੋਕਾਂ ਦੀ ਜਾਨ ਗਈ ਹੈ। ਇਹ ਘਟਨਾ ਫੇਅਰਮਾਊਂਟ ਇਲਾਕੇ ‘ਚ ਵਾਪਰੀ, ਜੋ ਸ਼ਹਿਰ ਦੇ ਉੱਤਰ-ਪੱਛਮ ‘ਚ ਸਥਿਤ ਹੈ। ਨੇੜੇ ਹੀ ਫਿਲਾਡੇਲਫੀਆ ਮਿਊਜ਼ੀਅਮ ਆਫ਼ ਆਰਟ ਹੈ। ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਨੇੜੇ ਮੀਡੀਆ ਨੂੰ ਸਾਰੀ ਜਾਣਕਾਰੀ ਵੀ ਦਿੱਤੀ।

Share this Article
Leave a comment