ਇਸਲਾਮਾਬਾਦ ‘ਚ ਅਮਰੀਕਾ – ਈਰਾਨ ਸ਼ਾਂਤੀ ਵਾਰਤਾ: ਈਰਾਨ ਨੇ ਦੂਜੇ ਦੌਰ ਦੀ ਗੱਲਬਾਤ ‘ਚ ਹਿੱਸਾ ਲੈਣ ਤੋਂ ਕੀਤਾ ਇਨਕਾਰ

Global Team
2 Min Read

ਤੇਹਰਾਨ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਅੱਜ ਇੱਕ ਵਾਰ ਫਿਰ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਏਗੀ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਹ ਐਲਾਨ ਕੀਤਾ ਹੈ ਕਿ ਸੋਮਵਾਰ ਸ਼ਾਮ ਨੂੰ ਦੂਜੇ ਦੌਰ ਦੀ ਗੱਲਬਾਤ ਸ਼ੁਰੂ ਹੋਵੇਗੀ। ਪਰ ਈਰਾਨੀ ਮੀਡੀਆ ਏਜੰਸੀ ਅਨੁਸਾਰ ਈਰਾਨ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸਲਾਮਾਬਾਦ ਸ਼ਾਂਤੀ ਵਾਰਤਾ ਦੇ ਦੂਜੇ ਦੌਰ ਦੀ ਗੱਲਬਾਤ ਲਈ ਈਰਾਨ ਆਪਣਾ ਵਫ਼ਦ ਨਹੀਂ ਭੇਜ ਰਿਹਾ ਹੈ।

ਦੱਸ ਦਈਏ ਕਿ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੀ ਅਗਵਾਈ ਹੇਠ ਇੱਕ ਅਮਰੀਕੀ ਵਫ਼ਦ ਅੱਜ ਇਸਲਾਮਾਬਾਦ ਪਹੰਚੇਗਾ। ਪਰ ਈਰਾਨ ਦੇ ਇਸ ਰੁਖ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਾਰਾਜ਼ ਕਰ ਦਿੱਤਾ ਹੈ। ਟਰੰਪ ਨੇ ਈਰਾਨ ਨੂੰ ਸਖ਼ਤ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਯੁੱਧ ਰੋਕਣ ਲਈ ਕੋਈ ਸਮਝੌਤਾ ਨਹੀਂ ਹੋਇਆ ਤਾਂ ਈਰਾਨ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।

ਦੱਸ ਦਈਏ ਕਿ ਈਰਾਨੀ ਨਿਊਜ਼ ਏਜੰਸੀ IRNA ਦੇ ਅਨੁਸਾਰ ਈਰਾਨ ਨੇ ਅਮਰੀਕਾ ਦੀਆਂ ਬਹੁਤ ਜ਼ਿਆਦਾ ਮੰਗਾਂ, ਅਵਿਸ਼ਵਾਸੀ ਉਮੀਦਾਂ, ਸਥਿਤੀ ਵਿੱਚ ਵਾਰ-ਵਾਰ ਬਦਲਾਅ, ਵਿਰੋਧੀ ਬਿਆਨਾਂ ਅਤੇ ਹੋਰਮੁਜ਼ ਦੀ ਜਲ ਸੈਨਾ ਦੀ ਨਾਕਾਬੰਦੀ ਦੇ ਕਾਰਨ ਗੱਲਬਾਤ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਈਰਾਨ ਦੇ ਸਖ਼ਤ ਰੁਖ਼ ਤੋਂ ਬਾਅਦ, ਗੱਲਬਾਤ ਰੱਦ ਹੁੰਦੀ ਜਾਪਦੀ ਹੈ। ਹਾਲਾਂਕਿ, ਪਾਕਿਸਤਾਨ ਅਤੇ ਹੋਰ ਦੇਸ਼ਾਂ, ਜੋ ਵਿਚੋਲਗੀ ਕਰ ਰਹੇ ਹਨ, ਵੱਲੋਂ ਕੋਸ਼ਿਸ਼ਾਂ ਜਾਰੀ ਹਨ।

ਭਾਰਤੀ ਜਹਾਜ਼ਾਂ ‘ਤੇ ਗੋਲੀਬਾਰੀ ਦੀ ਘਟਨਾ ਬਾਰੇ ਟਰੰਪ ਨੇ ਕਿਹਾ, “ਇਸ ਤਰ੍ਹਾਂ ਕਰਕੇ ਈਰਾਨ ਨੇ ਜੰਗਬੰਦੀ ਦੀ ਗੰਭੀਰ ਉਲੰਘਣਾ ਕੀਤੀ ਹੈ, ਫਿਰ ਵੀ ਮੇਰਾ ਮੰਨਣਾ ਹੈ ਕਿ ਮੈਂ ਇੱਕ ਸ਼ਾਂਤੀ ਸਮਝੌਤਾ ਕਰਵਾ ਸਕਦਾ ਹਾਂ।” ਟਰੰਪ ਨੇ ਕਿਹਾ, “ਅਸੀਂ ਈਰਾਨ ਨੂੰ ਇੱਕ ਬਹੁਤ ਹੀ ਨਿਰਪੱਖ ਅਤੇ ਵਾਜਬ ਸੌਦਾ ਪੇਸ਼ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਉਹ ਇਸਨੂੰ ਸਵੀਕਾਰ ਕਰਨਗੇ। ਪਰ ਜੇਕਰ ਈਰਾਨ ਸ਼ਰਤਾਂ ਨੂੰ ਨਹੀਂ ਮੰਨਦਾ ਹੈ ਤਾਂ ਇਸਦੇ ਪੁਲ ਅਤੇ ਪਾਵਰ ਪਲਾਂਟ ਤਬਾਹ ਕਰ ਦਿੱਤੇ ਜਾਣਗੇ।”

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment