ਭਾਰਤੀ ਮੂਲ ਦੇ ਡਾਕਟਰ ਦੀ ਸੰਯੁਕਤ ਰਾਜ ਅਮੀਰਾਤ ‘ਚ ਕੋਰੋਨਾ ਨਾਲ ਮੌਤ, ਕੋਵਿਡ-19 ਦੇ ਮਰੀਜ਼ਾਂ ਦਾ ਕਰ ਰਹੇ ਸਨ ਇਲਾਜ਼

TeamGlobalPunjab
2 Min Read

ਦੁਬਈ : ਚੀਨੇ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ‘ਚ ਤਬਾਹੀ ਮਚਾ ਰਿਹਾ ਹੈ। ਇੱਥੋਂ ਤੱਕ ਕਿ ਡਾਕਟਰ ਅਤੇ ਸਿਹਤ ਕਰਮਚਾਰੀ ਵੀ ਹੁਣ ਵੱਡੀ ਗਿਣਤੀ ‘ਚ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਆ ਰਹੇ ਹਨ। ਇਸ ‘ਚ ਹੀ ਸੰਯੁਕਤ ਰਾਜ ਅਮੀਰਾਤ (ਯੂ.ਏ.ਈ.) ‘ਚ ਭਾਰਤੀ ਮੂਲ ਦੇ ਡਾਕਟਰ ਡਾ. ਸੁਧੀਰ ਰਾਮਭਾਓ ਵਾਸ਼ਿਮਕਰ ਦੀ ਬੀਤੇ ਸ਼ਨੀਵਾਰ ਕੋਰੋਨਾ ਨਾਲ ਮੌਤ ਹੋ ਗਈ ਹੈ। ਡਾ. ਸੁਧੀਰ ਰਾਮਭਾਓ ਵਾਸ਼ਿਮਕਰ ਮਹਾਰਾਸ਼ਟਰ ਦੇ ਨਾਗਪੁਰ ਦੇ ਰਹਿਣ ਵਾਲੇ ਸਨ।

ਡਾ. ਸੁਧੀਰ ਰਾਮਭਾਓ ਬੀਤੀ 9 ਮਈ ਨੂੰ ਕੋਰੋਨਾ ਸੰਕਰਮਿਤ ਪਾਏ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ 11 ਮਈ ਨੂੰ ਅਲ ਆਈਨ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਬੀਤੀ 6 ਜੂਨ ਨੂੰ ਉਨ੍ਹਾਂ ਦੀ ਮੌਤ ਹੋ ਗਈ। ਬੁਰਜ਼ਿਲ ਰਾਇਲ ਹਸਪਤਾਲ ਵੱਲੋਂ ਡਾ. ਰਾਮਭਾਓ ਵਾਸ਼ਿਮਕਰ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਹੈ।

ਡਾ. ਸੁਧੀਰ ਰਾਮਭਾਓ ਵੀ.ਪੀ.ਐੱਸ. ਹੈਲਥ ਕੇਅਰ ਨੈੱਟਵਰਕ ਦੇ ਤਹਿਤ ਅਲ ਆਈਨ ਦੇ ਬੁਰਜ਼ਿਲ ਰਾਇਲ ਹਸਪਤਾਲ ‘ਚ ਡਾਕਟਰ ਸਨ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਹਸਪਤਾਲ ‘ਚ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਸਨ। ਜਿਥੇ 9 ਮਈ ਨੂੰ ਉਹ ਕੋਰੋਨਾ ਦੀ ਲਪੇਟ ‘ਚ ਆ ਗਏ ਸਨ।

ਸੰਯੁਕਤ ਰਾਜ ਅਮੀਰਾਤ (ਯੂ.ਏ.ਈ.) ‘ਚ ਹੁਣ ਤੱਕ ਕੋਰੋਨਾ ਦੇ 38 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 276 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਦੋਂਕਿ 21 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਘਰ ਨੂੰ ਵਾਪਸ ਪਰਤ ਚੁੱਕੇ ਹਨ। ਵਿਸ਼ਵ ਪੱਧਰ ‘ਤੇ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ 3 ਲੱਖ 97 ਹਜ਼ਾਰ ਤੱਕ ਪੁੱਜ ਗਿਆ ਹੈ ਅਤੇ 68 ਲੱਖ ਲੋਕ ਕੋਰੋਨਾ ਦੀ ਲਪੇਟ ‘ਚ ਹਨ।

- Advertisement -

Share this Article
Leave a comment