ਭਾਰਤ ਵੱਲੋਂ 118 ਚੀਨੀ ਐਪਸ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਅਮਰੀਕਾ ਵੱਲੋਂ ਭਰਵਾ ਸਵਾਗਤ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਨੇ ਭਾਰਤ ਸਰਕਾਰ ਵੱਲੋਂ 118 ਚੀਨੀ ਮੋਬਾਈਲ ਐਪਸ ‘ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਭਰਵਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਅਮਰੀਕੀ ਵਿਦੇਸ਼ ਮੰਤਰਾਲੇ ਨੇ ਭਾਰਤ ਦੇ ਇਸ ਫੈਸਲੇ ਦਾ ਸਮਰਥਨ ਕਰਦਿਆਂ ਸਾਰੇ ਆਜ਼ਾਦੀ ਪਸੰਦ ਦੇਸ਼ਾਂ ਅਤੇ ਕੰਪਨੀਆਂ ਨੂੰ ਸਵੱਛ ਨੈਟਵਰਕ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਰਥਿਕ ਵਿਕਾਸ ਅਤੇ ਊਰਜਾ ਅਤੇ ਵਾਤਾਵਰਨ ਬਾਰੇ ਵਿਦੇਸ਼ ਉਪਮੰਤਰੀ ਕੀਥ ਕ੍ਰੈਚ ਦੇ ਹਵਾਲੇ ਨਾਲ ਕਿਹਾ ਕਿ ‘ਅਸੀਂ ਭਾਰਤ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਭਰਵਾ ਸਵਾਗਤ ਕਰਦੇ ਹਾਂ।’ ਉਨ੍ਹਾਂ ਨੇ ਹੋਰਨਾਂ ਦੇਸ਼ਾਂ ਨੂੰ ਭਾਰਤ ਦੀ ਉਦਾਹਰਣ ਦਿੰਦਿਆਂ ਸਵੱਛ ਨੈੱਟਵਰਕ ‘ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇੱਥੇ ਦੱਸ ਦਈਏ ਕਿ ਕੀਥ ਕ੍ਰੈਚ ਦਾ ਇਹ ਬਿਆਨ ਭਾਰਤ ਵੱਲੋਂ 118 ਹੋਰ ਮੋਬਾਈਲ ਐਪਸ ‘ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਆਇਆ ਹੈ।

ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਇਹ ਉਹ ਐਪ ਹਨ ਜੋ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਰੱਖਿਆ ਅਤੇ ਸੁਰੱਖਿਆ ਦੇ ਨਾਲ-ਨਾਲ ਜਨਤਕ ਵਿਵਸਥਾ ਦਾ ਪੱਖਪਾਤ ਕਰਦੀਆਂ ਹਨ। ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂ ਵਿਚ ਟਰੰਪ ਪ੍ਰਸ਼ਾਸਨ ਨੇ ਸਵੱਛ ਨੈਟਵਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਚੀਨੀ ਕਮਿਊਨਿਸਟ ਪਾਰਟੀ ਵਰਗੇ ਘਾਤਕ ਸੰਗਠਨਾਂ ਦੇ ਹਮਲਾਵਰ ਹਮਲਿਆਂ ਤੋਂ ਅਮਰੀਕੀ ਨਾਗਰਿਕਾਂ ਦੀ ਨਿੱਜਤਾ ਅਤੇ ਉਸਦੀ ਕੰਪਨੀਆਂ ਦੀ ਸਭ ਤੋਂ ਸੰਵੇਦਨਸ਼ੀਲ ਜਾਣਕਾਰੀ ਬਚਾਉਣ ਲਈ ਇਕ ਵਿਆਪਕ ਪਹਿਲਕਦਮੀ ਸੀ।

ਜ਼ਿਕਰਯੋਗ ਹੈ ਕਿ ਭਾਰਤ ਪਹਿਲਾਂ ਹੀ 100 ਤੋਂ ਵੱਧ ਚੀਨੀ ਐਪਸ ‘ਤੇ ਪਾਬੰਦੀ ਲਗਾ ਚੁੱਕਾ ਹੈ। ਲਗਭਗ ਦੋ ਮਹੀਨੇ ਪਹਿਲਾਂ, ਪੂਰਬੀ ਲੱਦਾਖ ‘ਚ ਚੀਨ ਅਤੇ ਭਾਰਤ ‘ਚ ਵੱਧਦੇ ਤਣਾਅ ਕਾਰਨ ਭਾਰਤ ਸਰਕਾਰ ਨੇ 59 ਚੀਨੀ ਐਪਸ ‘ਤੇ ਮੁਕੰਮਲ ਰੋਕ ਲਗਾ ਦਿੱਤੀ ਸੀ।

- Advertisement -

Share this Article
Leave a comment