ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੇ ਉਦੇਸ਼ ਨਾਲ ਦੁਨੀਆਂ ਭਰ ਦੇ ਗਰੀਬ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦਾਨ ਕਰ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਗਲਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਵਿਦੇਸ਼ਾਂ ਵਿੱਚ ਮਹਾਂਮਾਰੀ ਦਾ ਮੁਕਾਬਲਾ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ 60 ਤੋਂ ਵੱਧ ਦੇਸ਼ਾਂ ਨੂੰ ਕੋਵਿਡ -19 ਟੀਕਿਆਂ ਦੀਆਂ 110 ਮਿਲੀਅਨ ਤੋਂ ਵੱਧ ਖੁਰਾਕਾਂ ਦਾਨ ਵਜੋਂ ਭੇਜੀਆਂ ਹਨ।
ਬਾਇਡਨ ਨੇ ਵ੍ਹਾਈਟ ਹਾਊਸ ਤੋਂ ਬੋਲਦਿਆਂ ਅਮਰੀਕਾ ਵਿੱਚ ਵੀ ਕੋਰੋਨਾ ਟੀਕਾਕਰਨ ਦੀਆਂ ਦਰਾਂ ਨੂੰ ਵਧਾਉਣ ਦੇ ਯਤਨਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਲਈ, ਰਾਸ਼ਟਰਪਤੀ ਨੇ ਘੱਟੋ-ਘੱਟ 80 ਮਿਲੀਅਨ ਟੀਕੇ ਦੀਆਂ ਖੁਰਾਕਾਂ ਵਿਦੇਸ਼ਾਂ ਨੂੰ ਦਾਨ ਕਰਨ ਦਾ ਵਾਅਦਾ ਕੀਤਾ ਸੀ ਅਤੇ ਵ੍ਹਾਈਟ ਹਾਊਸ ਦੇ ਅਨੁਸਾਰ ਵਿਦੇਸ਼ਾਂ ਵਿੱਚ ਜ਼ਿਆਦਾਤਰ ਖੁਰਾਕਾਂ ਕੋਵੈਕਸ ਪ੍ਰੋਗਰਾਮ ਦੁਆਰਾ ਭੇਜੀਆਂ ਗਈਆਂ ਹਨ, ਜੋ ਕਿ ਇੱਕ ਵਿਸ਼ਵਵਿਆਪੀ ਪਹਿਲ ਹੈ ਜੋ ਕੋਵਿਡ -19 ਟੀਕਿਆਂ ਦੀ ਦੁਨੀਆਂ ਭਰ ਵਿੱਚ ਨਿਰਪੱਖ ਪਹੁੰਚ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਬਾਇਡਨ ਪ੍ਰਸ਼ਾਸਨ ਦੁਆਰਾ ਸਭ ਤੋਂ ਵੱਧ ਵੈਕਸੀਨ ਦੀਆਂ ਖੁਰਾਕਾਂ ਇੰਡੋਨੇਸ਼ੀਆ ਨੂੰ ਪ੍ਰਾਪਤ ਹੋਈਆਂ ਜਿਹਨਾਂ ਦੀ ਗਿਣਤੀ 8 ਮਿਲੀਅਨ ਸ਼ਾਟ ਹੈ ਅਤੇ ਇਸਦੇ ਬਾਅਦ ਫਿਲੀਪੀਨਜ਼ ਨੇ 6.2 ਮਿਲੀਅਨ ਅਤੇ ਕੋਲੰਬੀਆ ਨੇ 6 ਮਿਲੀਅਨ ਖੁਰਾਕਾਂ ਪ੍ਰਾਪਤ ਕੀਤੀਆਂ।
ਇਸਦੇ ਇਲਾਵਾ ਅਫਰੀਕਾ ਮਹਾਂਦੀਪ ਦੇ ਵੀ ਕਈ ਦੇਸ਼ਾਂ ਵਿੱਚ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਅਮਰੀਕਾ ਵੱਲੋਂ ਭੇਜੀਆਂ ਗਈਆਂ ਹਨ। ਬਾਈਡੇਨ ਪ੍ਰਸ਼ਾਸਨ ਅਮਰੀਕਾ ਦੇ ਨਾਲ- ਨਾਲ ਵਿਸ਼ਵ ਪੱਧਰ ‘ਤੇ ਵੀ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਦੇ ਯਤਨ ਕਰ ਰਿਹਾ ਹੈ।