ਕੇਂਦਰ ਦੀ ਮਦਦ ਤੋਂ ਬਿਨਾਂ ਪੰਜਾਬ ਦੀ ਆਰਥਕ ਹਾਲਤ ਨਹੀਂ ਸੁਧਰ ਸਕਦੀ – ਪਰਮਿੰਦਰ ਸਿੰਘ ਢੀਂਡਸਾ

TeamGlobalPunjab
3 Min Read

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸੂਬੇ ਦੀ ਖ਼ਰਾਬ ਵਿੱਤੀ ਸਥਿਤੀ ਨੂੰ ਸੁਧਾਰਣ ਲਈ ਇੱਕ ਲੱਖ ਕਰੋੜ ਰੁਪਏ ਦੇ ਵਿੱਤੀ ਪੈਕੇਜ ਦੀ ਕੀਤੀ ਗਈ ਮੰਗ ਦਾ ਸਮਰਥਨ ਕਰਦਿਆਂ ਕੇਂਦਰ ਸਰਕਾਰ ਨੂੰ ਸੂਬੇ ਦੇ ਅਰਥਚਾਰੇ ਦੀ ਸੁਰਜੀਤੀ ਅਤੇ ਵਿਆਪਕ ਵਿਕਾਸ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਭਗਵੰਤ ਮਾਨ ਵੱਲੋਂ ਸਾਬਕਾ ਵਿਧਾਇਕਾਂ ਨੂੰ ਇੱਕ ਟਰਮ ਦੀ ਪੈਨਸ਼ਨ ਦੇਣ ਦੇ ਐਲਾਨ ਦਾ ਵੀ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਕੁੱਝ ਹੱਦ ਤੱਕ ਸੂਬੇ ਦਾ ਆਰਥਕ ਬੋਝ ਘਟਾਉਣ ਵਿੱਚ ਮਦਦ ਮਿਲੇਗੀ ਪਰ ਇਸ ਦੇ ਨਾਲ ਹੀ ਸਰਕਾਰ ਨੂੰ ਸੂਬੇ ਦੀ ਮਾਲੀ ਹਾਲਤ ਸੁਧਾਰਣ ਲਈ ਹੋਰ ਵਸੀਲੇ ਪੈਦਾ ਕਰਨ `ਤੇ ਵੀ ਜ਼ੋਰ ਦੇਣਾ ਪਵੇਗਾ।

ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੀ ਮਾਲੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਉਹ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਰਹੇ ਹਨ ਕਿ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਪੰਜਾਬ ਦੇ ਅਰਥਚਾਰੇ ਵਿੱਚ ਸੁਧਾਰ ਨਹੀ ਹੋ ਸਕਦਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਤਰਸਯੋਗ ਵਿੱਤੀ ਹਾਲਤ ਬਾਰੇ ਜਾਣੂ ਕਰਵਾਉਣਾ ਢੁਕਵਾਂ ਕਦਮ ਹੈ। ਸ: ਢੀਂਡਸਾ ਨੇ ਉਮੀਦ ਪ੍ਰਗਟ ਕੀਤੀ ਕਿ ਕੇਂਦਰ ਸਰਕਾਰ ਇਸ ਸਬੰਧ ਵਿੱਚ ਹਰ ਸੰਭਵ ਮਦਦ ਕਰੇਗਾ ਅਤੇ ਵਿੱਤੀ ਸਹਾਇਤਾ ਸਦਕਾ ਪੰਜਾਬ ਦਾ ਅਰਥਚਾਰਾ ਸਵੈ-ਨਿਰਭਰ ਅਤੇ ਵਿੱਤੀ ਪੱਖੋਂ ਸਥਿਰ ਹੋ ਸਕੇਗਾ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਪ੍ਰਾਪਤੀ ਲਈ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀ ਮਾੜੀ ਮਾਲੀ ਹਾਲਤ ਦੇ ਬਾਵਜੂਦ ਅਨੇਕ ਵਾਅਦੇ ਕੀਤੇ ਗਏ ਹਨ ਅਤੇ ਹੁਣ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਪੰਜਾਬ `ਤੇ ਹਜ਼ਾਰਾਂ ਕਰੋੜਾਂ ਰੁਪਏ ਦਾ ਹੋਰ ਵਾਧੂ ਭਾਰ ਪੈਣ ਵਾਲਾ ਹੈ। ਸ: ਢੀਂਡਸਾ ਨੇ ਭਗਵੰਤ ਮਾਨ ਨੂੰ ਇਸ ਸਬੰਧ ਵਿੱਚ ਵੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਸਿਰ ਕਰੀਬ 5 ਲੱਖ ਕਰੋੜ ਰੁਪਏ ਦਾ ਕਰਜਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਨੂੰ ਇਸ ਕਰਜੇ ਤੋਂ ਮੁਕਤ ਕਰਵਾਉਣ ਲਈ ਵਿਸ਼ੇਸ਼ ਰਣਨੀਤੀ ਉਲੀਕਣ ਦੀ ਜਰੂਰਤ ਹੈ।

Share this Article
Leave a comment