ਅਮਰੀਕਾ ਵੱਲੋਂ ਕੌਮਾਂਤਰੀ ਮੁਸਾਫ਼ਰਾਂ ਲਈ ਵੈਕਸੀਨੇਸ਼ਨ ਦੀ ਸ਼ਰਤ ਖ਼ਤਮ

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ਸਰਕਾਰ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਕੌਮਾਂਤਰੀ ਮੁਸਾਫ਼ਰਾਂ ਲਈ ਵੈਕਸੀਨੇਸ਼ਨ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਕੈਨੇਡਾ ਵਾਸੀਆਂ ਖਾਸ ਤੌਰ ‘ਤੇ ਉਨ੍ਹਾਂ ਟਰੱਕ ਡਰਾਈਵਰਾਂ ਨੂੰ ਇਸ ਦਾ ਫ਼ਾਇਦਾ ਹੋਵੇਗਾ ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦਾ ਕਈ ਟੀਕਾ ਨਹੀਂ ਲਗਵਾਇਆ। ਨਵੇਂ ਨਿਯਮ 11 ਮਈ ਤੋਂ ਲਾਗੂ ਹੋਣਗੇ।

ਵਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਕੌਮਾਂਤਰੀ ਮੁਸਾਫ਼ਰਾਂ ਤੋਂ ਇਲਾਵਾ ਅਮਰੀਕਾ ਦੇ ਫੈਡਰਲ ਮੁਲਾਜ਼ਮਾਂ ਅਤੇ ਫੈਡਰਲ ਠੇਕੇਦਾਰਾਂ ਲਈ ਵੀ ਵੈਕਸੀਨੇਸ਼ਨ ਦੀ ਸ਼ਰਤ ਖ਼ਤਮ ਕੀਤੀ ਜਾ ਰਹੀ ਹੈ। ਵੈਕਸੀਨੇਸ਼ਨ ਦੀ ਸ਼ਰਤ ਕਾਰਨ ਪਰ ਮੁਲਕ ‘ਚ ਵੱਡੇ ਪੱਧਰ ‘ਤੇ ਲੋਕ ਟੀਕ ਲਗਵਾ ਚੁੱਕੇ ਹਨ ਅਤੇ ਇਸ ਰਾਹੀਂ ਲੱਖਾਂ ਜ਼ਿੰਦਗੀਆਂ ਬਚਾਉਣ ਵਿਚ ਮਦਦ ਮਿਲੀ। ਸਿਹਤ ਖੇਤਰ ਦੋ ਮੁਲਾਜ਼ਮਾਂ ਵਾਸਤੇ ਵੈਕਸੀਨਸ਼ਨ ਹੁਣ ਵੀ ਲਾਜ਼ਮੀ ਰਹੇਗੀ ਪਰ ਦੁਨੀਆਂ ਵਿਚ ਮਹਾਮਾਰੀ ਨਾਲ ਸਬੰਧਤ ਹਾਲਾਤ ਨੂੰ ਵੇਖਦਿਆਂ ਵੈਕਸੀਨੇਸ਼ਨ ਦੀ ਸ਼ਰਤ ਹਟਾਈ ਜਾ ਰਹੀ ਹੈ। ਵਾਈਟ ਹਾਊਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਵੈਕਸੀਨੇਸ਼ਨ ਦੀ ਸ਼ਰਤ ਹਟਾਉਣ ਬਾਰੇ ਹੋਰ ਵੇਰਵੇ ਜਾਰੀ ਕੀਤੇ ਜਾਣਗੇ।

ਡੈਮੋਕ੍ਰੇਟਿਕ ਪਾਰਟੀ ਦੇ ਬ੍ਰਾਇਨ ਹਿਰਿਨਜ਼ ਫੈਡਰਲ ਸਰਕਾਰ ਦੇ ਇਸ ਫੈਸਲੇ ਤੋਂ ਬੇਹੱਦ ਖੁਸ਼ ਨਜ਼ਰ ਆਏ ਜਿਨ੍ਹਾਂ ਦਾ ਚੋਣ ਜ਼ਿਲ੍ਹਾ ਕੈਨੇਡਾ ਦੀ ਸਰਹੱਦ ਨਾਲ ਲਗਦਾ ਹੈ ਅਤੇ ਵੈਕਸੀਨੇਸ਼ਨ ਦੀ ਸ਼ਰਤ ਲਾਗੂ ਹੁਣ ਕਾਰਨ ਵੱਡੀ ਗਿਣਤੀ ‘ਚ ਕੈਨੇਡੀਅਨ, ਅਮਰੀਕਾ ‘ਚ ਦਾਖਲ ਨਹੀਂ ਸਨ ਹੋ ਸਕਦੇ। ਉਨ੍ਹਾਂ ਕਿਹਾ ਕਿ ਤਿੰਨ ਸਾਲ ਤੋਂ ਵੱਧ ਸਮਾਂ ਲੰਘ ਚੁੱਕਾ ਹੈ ਜਦੋਂ ਅਮਰੀਕਾ-ਕੈਨੇਡਾ ਦੇ ਬਾਰਡਰ ‘ਤੇ ਵੈਕਸੀਨੇਸ਼ਨ ਦੀ ਸ਼ਰਤ ਲਾਗੂ ਕੀਤੀ ਗਈ। ਕੋਰੋਨਾ ਬੰਦਿਸ਼ਾਂ ਕਾਰਨ ਕੋਈ ਪਰਿਵਾਰ ਲੰਮਾ ਸਮਾਂ ਵਿਛੜੇ ਰਹੇ ਅਤੇ ਵੱਡੀ ਗਿਣਤੀ ‘ਚ ਕੈਨੇਡੀਅਨ ਅਮਰੀਕਾ ‘ਚ ਦਾਖ਼ਲ ਹੋਣ ਤੋਂ ਅਸਮਰੱਥ ਸਨ। ਇਸ ਦਾ ਆਰਥਿਕ ਅਸਰ ਹਰ ਸਰਹੱਦੀ ਇਲਾਕਿਆਂ ਨੂੰ ਝੱਲਣਾ ਪਿਆ। ਇਥੇ ਦੱਸਣਾ ਬਣਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੋਰੋਨਾ ਵਾਇਰਸ ਬਾਰੇ ਕੌਮੀ ਐਮਰਜੰਸੀ ਹਟਾਉਣ ਦਾ ਐਲਾਨ ਕਰਦੇ ਬਿਲ ਉਪਰ ਪਿਛਲੇ ਮਹੀਨੇ ਦਸਤਖ਼ਤ ਕੀਤੇ ਗਏ ਸਨ। ਦੂਜੇ ਪਾਸੇ ਕੈਨੇਡਾ ਸਰਕਾਰ ਵੱਲੋਂ ਪਿਛਲੇ ਸਾਲ ਅਕਤੂਬਰ ਵਿਚ ਕੌਮਾਂਤਰੀ ਮੁਸਾਫ਼ਰਾਂ ਵਾਸਤੇ ਵੈਕਸੀਨੇਸ਼ਨ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment