ਨਵੀਂ ਦਿੱਲੀ- ਕਾਂਗਰਸ ਨੇਤਾ ਰਾਹੁਲ ਗਾਂਧੀ ਵਲੋਂ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਦਿੱਤੇ ਗਏ ਬਿਆਨ ‘ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਇਹ ਗੱਲ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਤੋਂ ਪੁੱਛੀ ਗਈ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪੀਐਮ ਮੋਦੀ ਦੀਆਂ ਬੇਅਸਰ ਨੀਤੀਆਂ ਕਾਰਨ ਚੀਨ ਅਤੇ ਪਾਕਿਸਤਾਨ ਪਹਿਲਾਂ ਨਾਲੋਂ ਨੇੜੇ ਆ ਗਏ ਹਨ, ਇਸ ‘ਤੇ ਉਨ੍ਹਾਂ ਕਿਹਾ ਕਿ ਮੈਂ ਅਜਿਹੀਆਂ ਟਿੱਪਣੀਆਂ ਦਾ ਸਮਰਥਨ ਨਹੀਂ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਇਹ ਪਾਕਿਸਤਾਨ ਅਤੇ ਚੀਨ ਦਾ ਮਾਮਲਾ ਹੈ ਅਤੇ ਇਸ ਨੂੰ ਦੋਵਾਂ ਦੇਸ਼ਾਂ ‘ਤੇ ਛੱਡ ਦੇਣਾ ਚਾਹੀਦਾ ਹੈ।
ਨੇਡ ਪ੍ਰਾਈਸ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਕਿ ਲਗਦਾ ਹੈ ਕਿ ਪਾਕਿਸਤਾਨ ਚੀਨ ਦੇ ਨਾਲ ਇੰਨੀ ਨਜ਼ਦੀਕੀ ਨਾਲ ਕਿਉਂ ਕੰਮ ਕਰ ਰਿਹਾ ਹੈ? ਕੀ ਤੁਹਾਨੂੰ ਲਗਦਾ ਹੈ ਕਿ ਅਮਰੀਕਾ ਨੂੰ ਉਨ੍ਹਾਂ ਨੂੰ ਅਲੱਗ-ਥਲੱਗ ਛੱਡ ਦੇਣਾ ਚਾਹੀਦਾ ਹੈ? ਇਸ ‘ਤੇ ਪ੍ਰਾਈਸ ਨੇ ਕਿਹਾ, ‘ਅਸੀਂ ਦੁਨੀਆ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਦੇਸ਼ ਨੂੰ ਅਮਰੀਕਾ ਅਤੇ ਚੀਨ ‘ਚੋਂ ਚੋਣ ਕਰਨ ਦੀ ਲੋੜ ਨਹੀਂ ਹੈ। ਜਦੋਂ ਅਮਰੀਕਾ ਨਾਲ ਸਬੰਧਾਂ ਦੀ ਗੱਲ ਆਉਂਦੀ ਹੈ ਤਾਂ ਸਾਡਾ ਇਰਾਦਾ ਦੇਸ਼ਾਂ ਨੂੰ ਵਿਕਲਪ ਪ੍ਰਦਾਨ ਕਰਨਾ ਰਹਿੰਦਾ ਹੈ।” ਉਨ੍ਹਾਂ ਨੇ ਕਿਹਾ, ‘ਪਾਕਿਸਤਾਨ ਸਾਡਾ ਰਣਨੀਤਕ ਸਾਥੀ ਹੈ। ਇਸਲਾਮਾਬਾਦ ਸਰਕਾਰ ਨਾਲ ਸਾਡੇ ਮਹੱਤਵਪੂਰਨ ਸਬੰਧ ਹਨ। ਇਹ ਇੱਕ ਅਜਿਹਾ ਰਿਸ਼ਤਾ ਹੈ ਜਿਸ ‘ਤੇ ਅਸੀਂ ਵੱਖ-ਵੱਖ ਮੋਰਚਿਆਂ ‘ਤੇ ਧਿਆਨ ਕੇਂਦਰਿਤ ਕਰਦੇ ਹਾਂ।
ਦਰਅਸਲ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਬੋਧਨ ‘ਤੇ ਧੰਨਵਾਦ ਮਤੇ ‘ਤੇ ਲੋਕ ਸਭਾ ‘ਚ ਬਹਿਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪਾਕਿਸਤਾਨ ਅਤੇ ਚੀਨ ਇਕਜੁੱਟ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਜਿਸ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ, ਉਹ ਕੋਈ ਘੱਟ ਨਹੀਂ ਹੈ। ਇਹ ਭਾਰਤ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਕਿਹਾ, ‘ਤੁਸੀਂ ਸਾਨੂੰ ਕਿੱਥੇ ਲੈ ਗਏ ਹੋ?’
- Advertisement -
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਇਸ ਸਾਲ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ ‘ਤੇ ਭਾਰਤ ਵਿੱਚ ਮਹਿਮਾਨ ਨਹੀਂ ਆਏ ਕਿਉਂਕਿ ਦੇਸ਼ ਪੂਰੀ ਤਰ੍ਹਾਂ ਘਿਰਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੀਐਮ ਮੋਦੀ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਗਣਤੰਤਰ ਦਿਵਸ ‘ਤੇ ਮਹਿਮਾਨਾਂ ਨੂੰ ਕਿਉਂ ਨਹੀਂ ਲਿਆ ਸਕੇ। ਅਸੀਂ ਸ਼੍ਰੀਲੰਕਾ, ਨੇਪਾਲ, ਬਰਮਾ, ਪਾਕਿਸਤਾਨ, ਅਫਗਾਨਿਸਤਾਨ, ਚੀਨ ਨਾਲ ਘਿਰੇ ਹੋਏ ਹਾਂ। ਅਸੀਂ ਹਰ ਪਾਸੇ ਤੋਂ ਘਿਰੇ ਹੋਏ ਹਾਂ। ਸਾਡੇ ਵਿਰੋਧੀ ਇਸ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹਨ।
ਲੋਕ ਸਭਾ ਵਿੱਚ ਰਾਹੁਲ ਗਾਂਧੀ ਦੇ ਦਾਅਵੇ ਨੂੰ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਨ੍ਹਾਂ ਨੇ ਕਿਹਾ, ‘ਰਾਹੁਲ ਗਾਂਧੀ ਨੇ ਲੋਕ ਸਭਾ ‘ਚ ਦੋਸ਼ ਲਾਇਆ ਕਿ ਇਸ ਸਰਕਾਰ ਕਾਰਨ ਪਾਕਿਸਤਾਨ ਅਤੇ ਚੀਨ ਇੱਕ ਹੋ ਗਏ ਹਨ। ਕੁਝ ਇਤਿਹਾਸਕ ਸਬਕ ਇਸ ਪ੍ਰਕਾਰ ਹਨ: 1963 ਵਿੱਚ, ਪਾਕਿਸਤਾਨ ਨੇ ਸ਼ਕਸਗਾਮ ਘਾਟੀ ਨੂੰ ਗੈਰ-ਕਾਨੂੰਨੀ ਤੌਰ ‘ਤੇ ਚੀਨ ਨੂੰ ਸੌਂਪ ਦਿੱਤਾ ਸੀ। ਚੀਨ ਨੇ 1970 ਦੇ ਦਹਾਕੇ ‘ਚ ਪੀਓਕੇ ਰਾਹੀਂ ਕਾਰਾਕੋਰਮ ਹਾਈਵੇਅ ਬਣਾਇਆ ਸੀ।ਇਸ ਦੇ ਨਾਲ ਹੀ ਰਾਹੁਲ ਦੇ ਗਣਤੰਤਰ ਦਿਵਸ ਸਮਾਰੋਹ ‘ਚ ਮਹਿਮਾਨ ਨਾ ਮਿਲਣ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਕੀ ਰਾਹੁਲ ਗਾਂਧੀ ਨਹੀਂ ਜਾਣਦੇ ਕਿ ਕੋਰੋਨਾ ਦਾ ਦੌਰ ਅਜੇ ਚੱਲ ਰਿਹਾ ਹੈ।