ਨਿਊਜ਼ ਡੈਸਕ: ਅਮਰੀਕੀ ਗਾਇਕਾ ਮੈਰੀ ਮਿਲਬੈਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਕੜੀ ਝਾੜ ਪਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਨਹੀਂ ਡਰਦੇ। ਪੀਐੱਮ ਮੋਦੀ ਦੂਰਗਾਮੀ ਸੋਚ ਨੂੰ ਸਮਝਦੇ ਹਨ। ਮਿਲਬੈਨ ਨੇ ਰਾਹੁਲ ਗਾਂਧੀ ਦੇ ਉਸ ਬਿਆਨ ‘ਤੇ ਟਿੱਪਣੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪੀਐੱਮ ਮੋਦੀ ਟਰੰਪ ਤੋਂ ਡਰਦੇ ਹਨ ਅਤੇ ਬਾਰ-ਬਾਰ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਰਹਿੰਦੇ ਹਨ।
ਮੈਰੀ ਮਿਲਬੈਨ ਨੇ ਕੀ ਕਿਹਾ?
ਮੈਰੀ ਮਿਲਬੈਨ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ ‘ਤੇ ਪੋਸਟ ਕਰਦਿਆਂ ਕਿਹਾ, “ਤੁਸੀਂ ਗਲਤ ਹੋ ਰਾਹੁਲ ਗਾਂਧੀ, ਪੀਐੱਮ ਮੋਦੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਨਹੀਂ ਡਰਦੇ। ਪ੍ਰਧਾਨ ਮੰਤਰੀ ਮੋਦੀ ਲੰਮੇ ਸਮੇਂ ਦੀ ਰਣਨੀਤੀ ਨੂੰ ਸਮਝਦੇ ਹਨ ਅਤੇ ਅਮਰੀਕਾ ਨਾਲ ਉਨ੍ਹਾਂ ਦੀ ਕੂਟਨੀਤੀ ਸਾਂਝ ਹੈ। ਜਿਵੇਂ ਡੋਨਲਡ ਟਰੰਪ ਹਮੇਸ਼ਾ ਅਮਰੀਕਾ ਦੇ ਹਿੱਤਾਂ ਨੂੰ ਤਰਜੀਹ ਦਿੰਦੇ ਹਨ, ਉਸੇ ਤਰ੍ਹਾਂ ਪੀਐੱਮ ਨਰਿੰਦਰ ਮੋਦੀ ਵੀ ਭਾਰਤ ਲਈ ਸਭ ਤੋਂ ਵਧੀਆ ਕਰ ਰਹੇ ਹਨ ਅਤੇ ਮੈਂ ਇਸ ਦੀ ਸ਼ਲਾਘਾ ਕਰਦੀ ਹਾਂ। ਇੱਕ ਮੁੱਖੀ ਇਹੀ ਕਰਦਾ ਹੈ ਤੇ ਉਹ ਆਪਣੇ ਦੇਸ਼ ਲਈ ਸਭ ਤੋਂ ਵਧੀਆ ਕਰਦੇ ਅਤੇ ਕਹਿੰਦੇ ਹਨ।”
‘ਆਈ ਹੇਟ ਇੰਡੀਆ’ ਟੂਰ ਤੋਂ ਵਾਪਸ ਜਾਓ
ਅਮਰੀਕੀ ਗਾਇਕਾ ਮੈਰੀ ਮਿਲਬੈਨ ਨੇ ਹੋਰ ਕਿਹਾ, ‘ਮੈ ਤੁਹਾਡੇ ਤੋਂ ਇਸ ਤਰ੍ਹਾਂ ਲੀਡਰਸ਼ਿਪ ਨੂੰ ਸਮਝਣ ਦੀ ਉਮੀਦ ਨਹੀਂ ਕਰਦੀ, ਕਿਉਂਕਿ ਤੁਸੀ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੇ ਯੋਗ ਨਹੀਂ। ਚੰਗਾ ਹੋਵੇਗਾ ਕਿ ਤੁਸੀਂ ਆਪਣੇ ‘ਆਈ ਹੇਟ ਇੰਡੀਆ’ ਟੂਰ ਤੋਂ ਵਾਪਸ ਆ ਜਾਓ, ਜਿਸ ਦੇ ਦਰਸ਼ਕ ਸਿਰਫ਼ ਤੁਸੀਂ ਹੀ ਹੋ।”
ਰਾਹੁਲ ਗਾਂਧੀ ਨੇ ਕੀ ਕਿਹਾ ਸੀ?
ਦੱਸਣਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਡਰਦੇ ਹਨ। ਉਨ੍ਹਾਂ ਨੇ ਇਸ ਲਈ 5 ਉਦਾਹਰਣਾਂ ਵੀ ਦਿੱਤੀਆਂ ਸਨ। ਰਾਹੁਲ ਗਾਂਧੀ ਨੇ ਕਿਹਾ ਸੀ
- ਪੀਐੱਮ ਮੋਦੀ ਬਾਰ-ਬਾਰ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਵਜੂਦ ਡੋਨਲਡ ਟਰੰਪ ਨੂੰ ਮੁਬਾਰਕਬਾਦ ਸੰਦੇਸ਼ ਭੇਜਦੇ ਰਹਿੰਦੇ ਹਨ।
- ਟਰੰਪ ਨੂੰ ਇਹ ਫੈਸਲਾ ਲੈਣ ਅਤੇ ਐਲਾਨ ਕਰਨ ਦਾ ਮੌਕਾ ਦਿੰਦੇ ਹਨ ਕਿ ਭਾਰਤ ਰੂਸੀ ਤੇਲ ਨਹੀਂ ਖਰੀਦੇਗਾ।
- ਵਿੱਤ ਮੰਤਰੀ ਦੀ ਅਮਰੀਕਾ ਯਾਤਰਾ ਰੱਦ ਕਰ ਦਿੱਤੀ ਗਈ।
- ਸ਼ਰਮ ਅਲ ਸ਼ੇਖ ਵਿੱਚ ਗਾਜ਼ਾ ਸ਼ਾਂਤੀ ਸਮਝੌਤੇ ਨੂੰ ਛੱਡ ਦੇਣਾ।
- ਆਪਰੇਸ਼ਨ ਸਿੰਦੂਰ ‘ਤੇ ਉਨ੍ਹਾਂ ਦੇ ਬਿਆਨ ਦਾ ਵਿਰੋਧ ਨਾ ਕਰਨਾ।