ਅਮਰੀਕੀ ਨਿਆਂ ਵਿਭਾਗ ਨੇ 40 ਲੋਕਾਂ ਦੀ ਨਾਗਰਿਕਤਾ ਰੱਦ ਕਰਨ ਲਈ ਜ਼ਿਲ੍ਹਾ ਅਦਾਲਤਾਂ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਹਨ। ਹੁਣ ਇਨ੍ਹਾਂ ਮਾਮਲਿਆਂ ਵਿੱਚ ਸਬੂਤਾਂ ਦੇ ਆਧਾਰ ’ਤੇ ਅਦਾਲਤ ਵੱਲੋਂ ਫੈਸਲਾ ਕੀਤਾ ਜਾਵੇਗਾ। ਜੇਕਰ ਅਦਾਲਤ ਦੇ ਫੈਸਲੇ ਤੋਂ ਬਾਅਦ ਇਨ੍ਹਾਂ ਲੋਕਾਂ ਦੀ ਨਾਗਰਿਕਤਾ ਰੱਦ ਹੁੰਦੀ ਹੈ ਤਾਂ ਉਨ੍ਹਾਂ ਨੂੰ ਅਮਰੀਕਾ ਤੋਂ ਬਾਹਰ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ।
ਨਿਆਂ ਵਿਭਾਗ ਮੁਤਾਬਕ ਇਨ੍ਹਾਂ 40 ਲੋਕਾਂ ਵਿੱਚੋਂ ਇੱਕ ਭਾਰਤ, ਚਾਰ ਪਾਕਿਸਤਾਨ ਅਤੇ ਚਾਰ ਚੀਨ ਨਾਲ ਸਬੰਧਤ ਹਨ। ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ’ਤੇ ਭ੍ਰਿਸ਼ਟਾਚਾਰ ਅਤੇ ਨਾਬਾਲਗਾਂ ਦੇ ਜਿਨਸੀ ਸ਼ੋਸ਼ਣ ਸਮੇਤ ਕਈ ਗੰਭੀਰ ਅਪਰਾਧਾਂ ਦੇ ਦੋਸ਼ ਹਨ।
ਟਰੰਪ ਪ੍ਰਸ਼ਾਸਨ ਦੌਰਾਨ ਪਹਿਲੀ ਵਾਰ ਇੱਕੋ ਸਮੇਂ 40 ਮਾਮਲੇ
ਐਕਸਿਓਸ ਮੁਤਾਬਕ ਟਰੰਪ ਪ੍ਰਸ਼ਾਸਨ ਦੇ ਸਮੇਂ ਪਹਿਲੀ ਵਾਰ ਇੱਕੋ ਸਮੇਂ 40 ਲੋਕਾਂ ਦੀ ਨਾਗਰਿਕਤਾ ਰੱਦ ਕਰਨ ਲਈ ਯਾਚਿਕਾਵਾਂ ਦਾਇਰ ਕੀਤੀਆਂ ਗਈਆਂ ਹਨ। ਹੁਣ ਇਨ੍ਹਾਂ ਮਾਮਲਿਆਂ ਵਿੱਚ ਉਪਲਬਧ ਸਬੂਤਾਂ ਦੇ ਆਧਾਰ ’ਤੇ ਫੈਸਲਾ ਹੋਵੇਗਾ।
ਨਿਊਯਾਰਕ ਟਾਈਮਜ਼ ਨੇ ਇਸ ਸਾਲ ਅਪ੍ਰੈਲ ਵਿੱਚ ਰਿਪੋਰਟ ਦਿੱਤੀ ਸੀ ਕਿ ਨਿਆਂ ਵਿਭਾਗ ਨੇ 384 ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਨਾਗਰਿਕਤਾ ਰੱਦ ਕਰਨ ਦੀ ਯੋਜਨਾ ਹੈ। ਇਸ ਕਾਰਵਾਈ ਨੂੰ ਅੱਗੇ ਵਧਾਉਣ ਲਈ ਟਰੰਪ ਪ੍ਰਸ਼ਾਸਨ ਨੇ ਜ਼ਿਲ੍ਹਾ ਅਦਾਲਤਾਂ ਵਿੱਚ ਵੱਡੀ ਗਿਣਤੀ ਵਿੱਚ ਵਕੀਲ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।
40 ਲੋਕਾਂ ਵਿੱਚ ਕਈ ਦੇਸ਼ਾਂ ਦੇ ਨਾਗਰਿਕ ਸ਼ਾਮਲ
ਮੌਜੂਦਾ ਸਮੇਂ ਜਿਨ੍ਹਾਂ 40 ਲੋਕਾਂ ਖ਼ਿਲਾਫ਼ ਯਾਚਿਕਾਵਾਂ ਦਾਇਰ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚ 11 ਮੈਕਸੀਕੋ, ਇੱਕ ਭਾਰਤ, ਚਾਰ ਪਾਕਿਸਤਾਨ, ਚਾਰ ਚੀਨ, ਦੋ ਮਿਸਰ, ਇੱਕ ਬ੍ਰਿਟੇਨ, ਦੋ ਫਿਲੀਪੀਨਜ਼ ਅਤੇ ਇੱਕ ਕੰਬੋਡੀਆ ਨਾਲ ਸਬੰਧਤ ਹੈ।
ਇਸ ਤੋਂ ਇਲਾਵਾ ਨਾਈਜੀਰੀਆ ਮੂਲ ਦੇ ਦੋ, ਕੈਮਰੂਨ ਮੂਲ ਦੇ ਇੱਕ, ਕੋਲੰਬੀਆ ਮੂਲ ਦੇ ਇੱਕ, ਪੇਰੂ ਮੂਲ ਦੇ ਇੱਕ ਅਤੇ ਵੈਨੇਜ਼ੁਏਲਾ ਮੂਲ ਦੇ ਇੱਕ ਨਾਗਰਿਕ ਦੀ ਨਾਗਰਿਕਤਾ ਵੀ ਰੱਦ ਹੋਣ ਦੇ ਖ਼ਤਰੇ ਵਿੱਚ ਹੈ।
ਭਾਰਤੀ ਮੂਲ ਦੇ ਬਲਵਿੰਦਰ ਸਿੰਘ ’ਤੇ ਕੀ ਦੋਸ਼?
ਨਿਆਂ ਵਿਭਾਗ ਮੁਤਾਬਕ ਭਾਰਤੀ ਮੂਲ ਦੇ ਬਲਵਿੰਦਰ ਸਿੰਘ ਖ਼ਿਲਾਫ਼ ਵੀ ਯਾਚਿਕਾ ਦਾਇਰ ਕੀਤੀ ਗਈ ਹੈ। ਉਨ੍ਹਾਂ ’ਤੇ ਕਥਿਤ ਤੌਰ ’ਤੇ ਫਰਜ਼ੀ ਪਛਾਣ ਦੀ ਵਰਤੋਂ ਕਰਕੇ ਅਮਰੀਕਾ ਵਿੱਚ ਦਾਖ਼ਲ ਹੋਣ ਅਤੇ ਨਾਗਰਿਕਤਾ ਹਾਸਲ ਕਰਨ ਦਾ ਦੋਸ਼ ਹੈ।
ਨਿਆਂ ਵਿਭਾਗ ਦਾ ਕਹਿਣਾ ਹੈ ਕਿ 1992 ਵਿੱਚ ਪਹਿਲੀ ਵਾਰ ਬਲਵਿੰਦਰ ਸਿੰਘ ਦੇ ਨਾਂ ’ਤੇ ਇਮੀਗ੍ਰੇਸ਼ਨ ਅਰਜ਼ੀ ਦਾਇਰ ਕੀਤੀ ਗਈ ਸੀ। 2003 ਵਿੱਚ ਉਨ੍ਹਾਂ ਨੇ ਦੂਜੀ ਪਛਾਣ ਦੇ ਤਹਿਤ ਸਥਾਈ ਨਿਵਾਸੀ ਦਾ ਦਰਜਾ ਹਾਸਲ ਕੀਤਾ। ਇਸ ਤੋਂ ਬਾਅਦ 2009 ਵਿੱਚ ਉਸੇ ਦੂਜੀ ਪਛਾਣ ਦੇ ਤਹਿਤ ਉਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ।
ਸ਼ਿਕਾਇਤ ਵਿੱਚ ਗਲਤ ਬਿਆਨ ਦੇਣ ਅਤੇ ਗੈਰ-ਕਾਨੂੰਨੀ ਕਾਰਵਾਈਆਂ ਨਾਲ ਸਬੰਧਤ ਸੱਤ ਦੋਸ਼ ਲਗਾਏ ਗਏ ਹਨ। ਨਿਆਂ ਵਿਭਾਗ ਮੁਤਾਬਕ ਇਹ ਦੋਸ਼ ਉਨ੍ਹਾਂ ਦੇ ਨੈਤਿਕ ਚਰਿੱਤਰ ’ਤੇ ਵੀ ਸਵਾਲ ਖੜ੍ਹੇ ਕਰਦੇ ਹਨ।

