ਵਾਸ਼ਿੰਗਟਨ : – ਜਲਵਾਯੂ ਪਰਿਵਰਤਨ ਦੇ ਮੁੱਦੇ ’ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜੌਨ ਕੈਰੀ ਅਗਲੇ ਹਫ਼ਤੇ ਚੀਨ ਜਾ ਸਕਦੇ ਹਨ। ਉਨ੍ਹਾਂ ਦੀ ਯਾਤਰਾ ਦਾ ਮੁੱਖ ਉਦੇਸ਼ ਗ੍ਰੀਨ ਹਾਊਸ ਗੈਸਾਂ ਦੇ ਫੈਲਾਅ ’ਚ ਕਮੀ ਲਿਆਉਣ ਲਈ ਬੀਜਿੰਗ ਦਾ ਸਹਿਯੋਗ ਹਾਸਲ ਕਰਨਾ ਹੋਵੇਗਾ। ਕੁਝ ਦਿਨ ਪਹਿਲਾਂ ਭਾਰਤ ਦੀ ਯਾਤਰਾ ’ਤੇ ਆਏ ਕੈਰੀ ਨੇ ਚੀਨ ਦੇ ਸਹਿਯੋਗ ਸਬੰਧੀ ਉਮੀਦ ਤਾਂ ਪ੍ਰਗਟਾਈ ਸੀ ਪਰ ਉਸ ਇਸ ਪ੍ਰਤੀ ਪੂਰੀ ਤਰ੍ਹਾਂ ਭਰੋਸੇਮੰਦ ਨਹੀਂ ਸਨ।
ਬਾਇਡਨ ਪ੍ਰਸ਼ਾਸਨ ਦੇ ਕਿਸੇ ਉੱਚ ਅਧਿਕਾਰੀ ਦੀ ਇਹ ਪਹਿਲੀ ਅਧਿਕਾਰਕ ਚੀਨ ਯਾਤਰਾ ਹੋਵੇਗੀ। ਕੁਝ ਦਿਨ ਪਹਿਲਾਂ ਅਲਾਸਕਾ ’ਚ ਚੀਨ ਅਤੇ ਅਮਰੀਕਾ ਦੇ ਅਧਿਕਾਰੀ ਮਿਲੇ ਸਨ ਪਰ ਇਸ ਦੌਰਾਨ ਹੋਈ ਗੱਲਬਾਤ ’ਚ ਕੋਈ ਨਤੀਜਾ ਨਹੀਂ ਨਿਕਲ ਸਕਿਆ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕੈਰੀ ਦੀ ਯਾਤਰਾ ਸਬੰਧੀ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ।
ਉਧਰ ਜਦੋਂ ਇਸ ਸਬੰਧੀ ਚੀਨ ਦੇ ਵਿਦੇਸ਼ ਮੰਤਰਾਲੇ ਕੋਲੋਂ ਪੁੱਛਿਆ ਗਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਵਾਸ਼ਿੰਗਟਨ ਪੋਸਟ ਨੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਕਿ ਯਾਤਰਾ ਦੌਰਾਨ ਕੈਰੀ ਆਪਣੇ ਹਮ-ਅਹੁਦਾ ਸ਼ੀ ਝੇਨਹੁਆ ਨੂੰ ਮਿਲਣਗੇ।