ਨਵੀਂ ਦਿੱਲੀ/ਵਾਸ਼ਿੰਗਟਨ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਅਮਰੀਕੀ ਅਦਾਲਤ ‘ਚ ਦਰਜ 10 ਕਰੋੜ ਅਮਰੀਕੀ ਡਾਲਰ ਦਾ ਮੁਕੱਦਮਾ ਕੋਰਟ ਨੇ ਖਾਰਜ ਕਰ ਦਿੱਤਾ ਹੈ। ਮੁਕੱਦਮਾ ਦਰਜ ਕਰਨ ਵਾਲੇ ਵੱਖਵਾਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ। ਪ੍ਰਧਾਨਮੰਤਰੀ ਮੋਦੀ ਖ਼ਿਲਾਫ਼ ਇਹ ਮੁਕੱਦਮਾ 19 ਸਤੰਬਰ 2019 ਨੂੰ ਟੈਕਸਾਸ ‘ਚ ਆਯੋਜਿਤ ਪ੍ਰੋਗਰਾਮ ‘ਹਾਊਡੀ ਮੋਦੀ’ ਤੋਂ ਕੁਝ ਦਿਨ ਪਹਿਲਾਂ ਦਰਜ ਹੋਇਆ ਸੀ।
ਮੁਕੱਦਮਾ ਦਰਜ ਕਰਨ ਵਾਲਿਆਂ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦੇ ਦਰਜੇ ਤੋਂ ਹਟਾਉਣ ਅਤੇ ਉਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦੇ ਵਿਰੋਧ ਵਿਚ ਇਹ ਮਾਮਲਾ ਦਰਜ ਕਰਵਾਇਆ ਸੀ। ਪਟੀਸ਼ਨਕਰਤਾ ਨੇ ਕੋਰਟ ਤੋਂ ਪੀਐਮ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਡਿਪਟੀ ਚੀਫ ਆਫ ਇੰਟੀਗ੍ਰੇਟੇਡ ਡਿਫੈਂਸ ਸਟਾਫ਼ ਲੈਫਟੀਨੈਂਟ ਕੰਵਲਜੀਤ ਸਿੰਘ ਢਿੱਲੋਂ ਨੂੰ 10 ਕਰੋੜ ਅਮਰੀਕੀ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ।
ਟੈਕਸਾਸ ਦੇ ਦੱਖਣੀ ਜ਼ਿਲ੍ਹਾ ਅਦਾਲਤ ਦੇ ਜੱਜ ਫਰਾਂਸਿਸ ਐੱਚ ਸਟੇਸੀ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਮੁਕੱਦਮਾ ਦਰਜ ਕਰਨ ਵਾਲਿਆਂ ਨੇ ਇਸ ਕੇਸ ਨੂੰ ਜਾਰੀ ਰੱਖਣ ਲਈ ਕੁਝ ਵੀ ਨਹੀਂ ਕੀਤਾ। ਇਸ ਦੇ ਨਾਲ ਹੀ ਦੋ ਸੁਣਵਾਈਆਂ ਦੌਰਾਨ ਅਦਾਲਤ ਵਿੱਚ ਕੋਈ ਪੇਸ਼ ਵੀ ਨਹੀਂ ਹੋਇਆ ਇਸ ਆਧਾਰ ਤੇ ਮੁਕੱਦਮਾ ਖਾਰਜ ਕੀਤਾ ਜਾ ਸਕਦਾ ਹੈ।