ਕੈਨੇਡਾ ਤੇ ਅਮਰੀਕਾ ‘ਚ ਰੁਜ਼ਗਾਰ ਦੇ ਨਵੇਂ ਮੌਕਿਆਂ ਨੇ ਤੋੜੇ ਰਿਕਾਰਡ

Prabhjot Kaur
3 Min Read

ਟੋਰਾਂਟੋ: ਕੈਨੇਡਾ ‘ਚ 2017 ਤੋਂ ਬਾਅਦ ਪਹਿਲੀ ਵਾਰ ਲਗਾਤਾਰ ਅੱਠਵੇਂ ਮਹੀਨੇ ਨਵੀਆਂ ਨੌਕਰੀਆਂ ਪੈਦਾ ਹੋਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਬੇਰੁਜ਼ਗਾਰੀ ਦਰ 5 ਫ਼ੀਸਦੀ ਦੇ ਪੱਧਰ ‘ਤੇ ਸਥਿਰ ਰਹੀ। ਅਪ੍ਰੈਲ ਦੌਰਾਨ 41 ਹਜ਼ਾਰ ਤੋਂ ਵੱਧ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਅਤੇ ਸਭ ਤੋਂ ਵੱਧ ਲਾਹਾ ਖੱਟਣ ਵਾਲਾ ਸੂਬਾ ਉਨਟਾਰੀਓ ਰਿਹਾ। ਉੱਧਰ ਅਮਰੀਕਾ ‘ਚ ਪਿਛਲੇ ਮਹੀਨ 2 ਲੱਖ 53 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਜੋ ਆਰਥਿਕ ਮਜ਼ਬੂਤੀ ਦਾ ਸੰਕੇਤ ਹਨ।

ਕੈਨੇਡੀਅਨ ਅਰਥਚਾਰੇ ‘ਚ ਖੜਤ ਦੇ ਬਾਵਜੂਦ ‘ਚ ਰੁਜ਼ਗਾਰ ਦੇ ਅੰਕੜੇ ਹੌਂਸਲਾ ਵਧਾਉਣ ਵਾਲੇ ਮੰਨੇ ਜਾ ਸਕਦੇ ਹਨ। ਨੌਕਰੀਆਂ ਹਾਸਲ ਕਰਨ ਵਾਲਿਆਂ ‘ਚੋਂ ਜ਼ਿਆਦਾਤਰ 25 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਸਨ ਅਤੇ ਓਨਟਾਰੀਓ ‘ਚ 33 ਹਜ਼ਾਰ ਲੋਕਾਂ ਨੂੰ ਨਵਾਂ ਰੁਜ਼ਗਾਰ ਮਿਲਿਆ। ਹੋਲਸੇਲ ਐਂਡ ਰਿਟੇਲ ਖੇਤਰ ‘ਚ 24 ਹਜ਼ਾਰ ਨਵੀਆਂ ਨੌਕਰੀਆਂ ਅਤੇ ਵੇਅਰਹਾਊਸਿੰਗ ਤੇ ਟਰਾਂਸਪੋਰਟੇਸ਼ਨ ‘ਚ 17 ਹਜ਼ਾਰ ਨਵੀਆਂ ਨੌਕਰੀਆਂ ਨੇ ਦਸਤਕ ਦਿੱਤੀ, ਹਾਲਾਂਕਿ ਕੁਝ ਖੇਤਰਾਂ ‘ਚੋਂ ਨੌਕਰੀਆਂ ਖ਼ਤਮ ਵੀ ਹੋਈਆਂ। ਅਪ੍ਰੈਲ ਮਹੀਨੇ ਦੌਰਾਨ ਪ੍ਰਤੀ ਘੰਟਾ ਔਸਤ ਉਜਰਤਾਂ ਦਰਾਂ ‘ਚ 5.2 ਫ਼ੀ ਸਦੀ ਵਾਧਾ ਹੋਇਆ ਜਦਕਿ ਮਾਰਚ ਵਿਚ ਮਹਿੰਗਾਈ ਦਰ 4.3 ਫ਼ੀ ਸਦੀ ਦਰਜ ਕੀਤੀ ਗਈ ਸੀ।

ਆਰਥਿਕ ਮਾਹਰਾਂ ਵੱਲੋਂ ਅਪ੍ਰੈਲ ‘ਚ 20 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦਾ ਅੰਦਾਜ਼ਾ ਲਾਇਆ ਗਿਆ ਸੀ ਪਰ ਇਕ ਵਾਰ ਫਿਰ ਉਨ੍ਹਾਂ ਦੀ ਗਿਣਤੀ ਮਿਣਤੀ ਗਲਤ ਸਾਬਤ ਹੋਈ। ਕੈਪੀਟਲ ਇਕਨੌਮਿਕਸ ਦੇ ਡਿਪਟੀ ਚੀਫ ਇਕੌਨਮਿਸਟ ਸਟੀਫ਼ਨ ਬ੍ਰਾਊਨ ਨੇ ਕਿਹਾ ਕਿ ਆਰਥਿਕਤਾ ‘ਚ ਖੜੋਤ ਦਾ ਅਸਰ ਦੇਖਿਆ ਜਾ ਸਕਦਾ ਹੈ ਕਿਉਂਕਿ ਫੁਲ ਟਾਈਮ ਨੌਕਰੀਆਂ ਘੱਟ ਪੈਦਾ ਹੋਈਆਂ ਅਤੇ ਜ਼ਿਆਦਾਤਰ ਅੰਕੜਾ ਪਾਰਟੀ ਟਾਈਮ ਨੌਕਰੀਆਂ ਦੁਆਲੇ ਕੇਂਦਰਤ ਨਜ਼ਰ ਆਉਂਦਾ ਹੈ।

ਬੈਂਕ ਆਫ਼ ਕੈਨੇਡਾ ਦੀਆਂ ਉਚੀਆਂ ਵਿਆਜ ਦਰਾਂ ਆਉਣ ਵਾਲੇ ਮਹੀਨਿਆਂ ਦੌਰਾਨ ਮੁਲਕ ਦੇ ਕਿਰਤੀ ਬਾਜ਼ਾਰ ਨੂੰ ਪ੍ਰਭਾਵਤ ਕਰ ਸਕਦੀਆਂ ਹਨ, ਪਰ ਇਸ ਗੱਲ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇਸ ਵੇਲੇ ਨੌਕਰੀਆਂ ਨਾਲ ਭਰਪੂਰ ਰਿਸੈਸ਼ਨ ਚੱਲ ਰਿਹਾ ਹੈ। ਕਈ ਵਾਰ ਰਿਸੈਸ਼ਨ ਦੇ ਬਾਵਜੂਦ ਨੌਕਰੀਆਂ ਪੈਦਾ ਹੋਣ ਦਾ ਸਿਲਸਿਲਾ ਜਾਰੀ ਰਹਿ ਸਕਦਾ ਹੈ ਅਤੇ ਆਮ ਲੋਕ ਸਿੱਧੇ ਤੌਰ ‘ਤੇ ਇਸ ਨਾਲ ਪ੍ਰਭਾਵਤ ਨਹੀਂ ਹੁੰਦੇ। ਇਸੇ ਦੌਰਾਨ ਬੈਂਕ ਆਫ਼ ਕੈਨੇਡਾ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲ ਸਮੇਂ ਦੌਰਾਨ ਉਜਰਤ ਦਰਾਂ ‘ਚ ਵਾਧਾ ਯਕੀਨੀ ਤੌਰ ‘ਤੇ ਨਹੀਂ ਮਿਲੇਗਾ। ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ ਵਿਚ ਹੋਰ ਵਾਧਾ ਨਾ ਕਰਨ ਦਾ ਇਸ਼ਾਰਾ ਕੀਤਾ ਜਾ ਰਿਹਾ ਹੈ ਪਰ ਮਹਿੰਗਾਈ ਦਰ ਉਪਰ ਜਾਣ ਦੀ ਸੂਰਤ ‘ਚ ਵਿਆਜ ਦਰਾਂ ਮੁੜ ਵਧ ਸਕਦੀਆਂ ਹਨ। ਉਧਰ ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਅਪ੍ਰੈਲ ਦੌਰਾਨ ਰੁਜ਼ਗਾਰ ਦੇ 2 ਲੱਖ 53 ਹਜ਼ਾਰ ਨਵੇਂ ਮੌਕੇ ਪੈਦਾ ਹੋਏ ਜਦਕਿ ਆਰਥਿਕ ਮਾਹਰਾਂ ਵੱਲੋਂ 1 ਲੱਖ 80 ਹਜ਼ਾਰ ਦੀ ਭਵਿੱਖਬਾਣੀ ਕੀਤੀ ਗਈ ਸੀ। ਬੇਰੁਜ਼ਗਾਰੀ ਦੀ 3.5 ਫ਼ੀਸਦੀ ਤੋਂ ਘਟ ਕੇ 3.4 ਫ਼ੀਸਦੀ ‘ਤੇ ਆ ਗਈ ਅਤੇ ਕਿਰਤੀਆਂ ਦੀ ਪ੍ਰਤੀ ਘੰਟਾ ਔਸਤ ਆਮਦਨ ਵੀ 0.5 ਫ਼ੀ ਸਦੀ ਵਧ ਗਈ।

- Advertisement -

Share this Article
Leave a comment