ਵਾਸ਼ਿੰਗਟਨ/ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਵਿਚਾਲੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਨਾਂ ਕਰਨ ਅਤੇ ਜਲਦ ਤੋਂ ਜਲਦ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨਾ ਹੀ ਸੁਰੱਖਿਅਤ ਹੋਵੇਗਾ, ਕਿਉਂਕਿ ਭਾਰਤ ਵਿੱਚ ਸਿਹਤ ਸੇਵਾਵਾਂ ਸੀਮਤ ਹਨ, ਜੇਕਰ ਅਮਰੀਕੀ ਨਾਗਰਿਕ ਉੱਥੇ ਰਹਿੰਦੇ ਹਨ ਤਾਂ ਉਨ੍ਹਾਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ।
ਅਲਰਟ ਜਾਰੀ ਕਰਦੇ ਹੋਏ ਨਵੀਂ ਦਿੱਲੀ ‘ਚ ਸਥਿਤ ਅਮਰੀਕੀ ਦੂਤਾਵਾਸ ਨੇ ਕਿਹਾ, ਭਾਰਤ ਵਿਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਸਿਹਤ ਸੇਵਾਵਾਂ ਸੀਮਤ ਹੋ ਰਹੀਆਂ ਹਨ। ਉਨ੍ਹਾਂ ਨੇ ਅਮਰੀਕੀ ਨਾਗਰਿਕਾਂ ਨੂੰ ਯਾਤਰਾ ਸਬੰਧੀ ਪਾਬੰਦੀਆਂ ‘ਤੇ ਤਾਜ਼ਾ ਜਾਣਕਾਰੀ ਲਈ ਭਾਰਤ ਦੇ ਸਿਹਤ ਮੰਤਰਾਲੇ ਦੀ ਵੈੱਬਸਾਈਟ ‘ਤੇ ਜਾਣ ਲਈ ਕਿਹਾ ਹੈ।
ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ, ਭਾਰਤ ਵਿਚ ਕੋਰੋਨਾ ਦੇ ਨਵੇਂ ਮਾਮਲੇ ਅਤੇ ਮੌਤਾਂ ਦੀ ਗਿਣਤੀ ਰਿਕਾਰਡ ਪੱਧਰ ਤੱਕ ਵਧ ਗਈ ਹੈ। ਕਈ ਥਾਵਾਂ ‘ਤੇ ਕੋਰੋਨਾ ਜਾਂਚ ਦਾ ਬੁਨਿਆਦੀ ਢਾਂਚਾ ਵੀ ਰੁਕਿਆ ਹੋਇਆ ਹੈ। ਇਸ ਵਿਚਾਲੇ ਕਿਹਾ ਗਿਆ ਹੈ ਕਿ ਹਸਪਤਾਲਾਂ ਵਿੱਚ ਕੋਰੋਨਾ ਅਤੇ ਗ਼ੈਰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਦਵਾਈਆਂ, ਆਕਸੀਜਨ ਅਤੇ ਬੈੱਡ ਦੀ ਘਾਟ ਹੋ ਗਈ ਹੈ। ਕੁਝ ਸ਼ਹਿਰਾਂ ਵਿੱਚ ਥਾਂ ਨਾਂ ਹੋਣ ਕਾਰਨ ਅਮਰੀਕੀ ਨਾਗਰਿਕਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਨ ਤੋਂ ਇਨਕਾਰ ਕਰਨ ਦੀਆਂ ਖ਼ਬਰਾਂ ਵੀ ਹਨ।