ਪਾਬੰਦੀਆਂ ‘ਚ ਪਾਰਟੀ ਦੌਰਾਨ ਹੋਣ ਵਾਲੀ ਮੌਤ ਲਈ ਲੱਗਣਗੇ ਕਤਲ ਦੇ ਚਾਰਜ : ਜੱਜ ਦੀ ਚੇਤਾਵਨੀ

TeamGlobalPunjab
2 Min Read

ਵਿਕਟੋਰੀਆ : ਕੋਰੋਨਾ ਦੀ ਗੰਭੀਰ ਸਥਿਤੀ ਦੇ ਚਲਦਿਆਂ ਕੈਨੇਡਾ ਵਿੱਚ ਇੱਕ ਅਦਾਲਤ ਨੇ ਵੱਡੀ ਚੇਤਾਵਨੀ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਜੱਜ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਹੈਲਥ ਨਿਯਮਾਂ ਨੂੰ ਤੋੜ ਕੇ ਪਾਰਟੀਆਂ ਕਰਨ ਵਾਲਿਆਂ ਵਿੱਚੋਂ ਜੇ ਕਿਸੇ ਦੀ ਕੋਵਿਡ-19 ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਖਿਲਾਫ ਕਤਲ ਦੇ ਚਾਰਜਿਜ਼ ਲਾਏ ਜਾਣਗੇ। ਇਸ ਮੁੱਦੇ ‘ਤੇ ਲੀਗਲ ਮਾਹਿਰਾਂ ਦਰਮਿਆਨ ਨਵੀਂ ਬਹਿਸ ਛਿੜ ਗਈ ਹੈ।

ਯੌਰਕ ਯੂਨੀਵਰਸਿਟੀ ਓਸਗੂਡ ਹਾਲ ਲਾਅ ਸਕੂਲ ਦੀ ਪ੍ਰੋਫੈਸਰ ਲੀਜ਼ਾ ਡਫਰੇਮੌਂਟ ਨੇ ਆਖਿਆ ਕਿ ਕਤਲ ਦੇ ਚਾਰਜਿਜ਼ ਕਿਸੇ ਗੈਰਕਾਨੂੰਨੀ ਘਟਨਾ ਤੋਂ ਹੀ ਉਪਜਦੇ ਹਨ ਜਿਸ ਕਾਰਨ ਮੌਤ ਹੋ ਜਾਂਦੀ ਹੈ ਤੇ ਜਿਸ ਕਾਰਨ ਸ਼ਰੀਰਕ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਆਖਿਆ ਕਿ ਜਿਵੇਂ ਕਿ ਜੱਜ ਨੇ ਆਖਿਆ ਹੈ ਕਿ ਜੇ ਅਜਿਹੇ ਮਾਮਲੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਨੂੰ ਹੱਤਿਆ ਦੇ ਬਰਾਬਰ ਹੀ ਮੰਨਿਆ ਜਾਵੇਗਾ। ਇਸ ਮਾਮਲੇ ਵਿੱਚ ਜੱਜ ਬਿਲਕੁਲ ਸਹੀ ਹਨ।

ਪ੍ਰੋਵਿੰਸ਼ੀਅਲ ਕੋਰਟ ਜੱਜ ਐਲਨ ਗੌਰਡਨ ਨੇ ਇਸ ਹਫਤੇ ਮੁਹੰਮਦ ਮੋਵਾਸਾਘੀ ਨੂੰ ਇੱਕ ਦਿਨ ਦੀ ਜੇਲ੍ਹ ਤੇ 5000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਤੇ 18 ਮਹੀਨਿਆਂ ਦੀ ਪ੍ਰੋਬੇਸ਼ਨ ਦੇ ਹੁਕਮ ਦਿੱਤੇ। ਉਸ ਉੱਤੇ ਪਹਿਲਾਂ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵੀ ਲੱਗ ਚੁੱਕੇ ਹਨ। ਇਸ ਦੇ ਨਾਲ ਹੀ ਹੈਲਥ ਆਫੀਸਰ ਦੇ ਆਰਡਰ ਤੇ ਗੈਰਕਾਨੂੰਨੀ ਢੰਗ ਨਾਲ ਅਲਕੋਹਲ ਖਰੀਦਣ ਦੇ ਵੀ ਦੋਸ਼ ਹਨ।

ਅਦਾਲਤ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਇੱਕ ਮੇਕਸ਼ਿਫਟ ਨਾਈਟ ਕਲੱਬ, ਜੋ ਕਿ 165 ਸਕੁਏਅਰ ਮੀਟਰ ਦੇ ਆਕਾਰ ਦਾ ਪੈਂਟਹਾਊਸ ਕੌਂਡੋਮੀਨੀਅਮ ਸੀ, ਵਿੱਚ 78 ਲੋਕ ਪਾਰਟੀ ਕਰਦੇ ਫੜ੍ਹੇ ਗਏ ਸਨ। ਜੱਜ ਗੌਰਡਨ ਨੇ ਇਸ ਨੂੰ ਪਾਰਟੀ ਨਹੀਂ ਸਗੋਂ ਜੁਰਮ ਦੱਸਿਆ। ਉਨ੍ਹਾਂ ਆਖਿਆ ਕਿ ਇਸ ਨਾਲ ਨਾ ਸਿਰਫ ਲੋਕ ਆਪਣੀ ਜ਼ਿੰਦਗੀ ਖਤਰੇ ਵਿੱਚ ਪਾ ਰਹੇ ਹਨ ਸਗੋਂ ਆਪਣੇ ਘਰਦਿਆਂ, ਬਜ਼ੁਰਗਾਂ ਦੀ ਜਾਨ ਵੀ ਖਤਰੇ ਵਿੱਚ ਪਾ ਰਹੇ ਹਨ।

- Advertisement -

Share this Article
Leave a comment