ਆਦਮਪੁਰ ਤੋਂ ਕੋਟਲੀ ਨੇ ਫਿਰ ਬਾਜ਼ੀ ਮਾਰੀ ,ਕੇਪੀ ਨੂੰ ਘਰ ਪਰਤਣਾ ਪਿਆ

TeamGlobalPunjab
4 Min Read
ਚੰਡੀਗੜ੍ਹ  – ਨਾਮਜ਼ਦਗੀਆਂ ਦਾਖ਼ਲ ਕਰਨ ਦੇ ਆਖ਼ਰੀ ਦਿਨ ਵੀ ਕਾਂਗਰਸ ਪਾਰਟੀ ਦੇ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ  ਡਰਾਮਾ ਚੱਲਦਾ ਰਿਹਾ। ਜਲੰਧਰ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਨੇ ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦਿੱਤੀ ਸੀ। ਪਰ ਉਸ ਵਿਧਾਨ ਸਭਾ ਹਲਕੇ ਚ  ਸਾਬਕਾ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ  ਰਹਿ ਚੁੱਕੇ ਸੀਨੀਅਰ ਕਾਂਗਰਸੀ ਲੀਡਰ  ਮਹਿੰਦਰ ਸਿੰਘ ਕੇਪੀ ਨੇ ਆਪਣੇ ਦਾਅਵੇਦਾਰੀ ਜਤਾਈ ਸੀ।
ਅੱਜ ਸਵੇਰੇ ਇਹ ਖ਼ਬਰ ਆਈ ਕਿ  ਪਾਰਟੀ ਨੇ ਆਦਮਪੁਰ ਸੀਟ ਤੇ ਉਮੀਦਵਾਰ ਬਦਲ ਦਿੱਤਾ ਹੈ  ਤੇ ਹੁਣ ਮਹਿੰਦਰ ਸਿੰਘ ਕੇਪੀ ਇਸ ਸੀਟ ਤੋਂ ਚੋਣ ਲੜਨਗੇ। ਨਾਮਜ਼ਦਗੀਆਂ ਭਰਨ ਵੇਲੇ  ਰਿਟਰਨਿੰਗ ਅਫ਼ਸਰ ਦੇ  ਦਫ਼ਤਰ ਮਹਿੰਦਰ ਸਿੰਘ ਕੇਪੀ  ਤੇ ਸੁਖਵਿੰਦਰ ਸਿੰਘ ਕੋਟਲੀ  ਦੋਨੋਂ ਆਪਣੇ ਆਪਣੇ ਕਾਗਜ਼ ਲੈ ਕੇ ਪੁੱਜੇ। ਇੱਕ ਦੂਜੇ ਨਾਲ ਟਾਕਰਾ ਸਾਹਮਣਾ ਹੋਇਆ। ਥੋੜ੍ਹੀ ਦੇਰ ਚ ਹੀ  ਸੁਖਵਿੰਦਰ ਸਿੰਘ ਕੋਟਲੀ ਨੂੰ ਇੱਕ ਫੋਨ ਆਉਂਦਾ ਹੈ  ਤੇ ਉਹ ਆਪਣੀ ਪਾਰਟੀ ਦੇ ਨਾਅਰੇ ਮਾਰਦੇ ਹੋਏ  ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੁਰ ਪੈਂਦੇ ਹਨ। ਇਨ੍ਹਾਂ ਸਾਰੇ ਹਾਲਾਤਾਂ ਵਿੱਚ ਇੱਕ ਵਾਰ ਫੇਰ ਤੋਂ ਮਹਿੰਦਰ ਸਿੰਘ ਕੇਪੀ ਦੇ ਪੈਰ  ਰੁਕ ਗਏ ਤੇ ਉਹ ਚੁੱਪਚਾਪ ਬਿਨਾਂ ਕਾਗ਼ਜ਼ ਭਰੇ ਹੀ ਵਾਪਸ ਪਰਤ ਗਏ।
ਦੱਸ ਦੇਈਏ ਕਿ ਪਹਿਲਾਂ ਵੀ ਮੋਹਿੰਦਰ ਸਿੰਘ ਕੇ ਪੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ ਜਦੋਂ  ਕਾਂਗਰਸ ਪਾਰਟੀ ਵੱਲੋਂ  86  ਉਮੀਦਵਾਰਾਂ ਦੀ ਪਹਿਲੀ ਲਿਸਟ ਐਲਾਨੀ ਗਈ ਸੀ ਤੇ ਉਸ ਲਿਸਟ ਵਿੱਚ  ਆਦਮਪੁਰ ਤੋਂ  ਸੁਖਵਿੰਦਰ ਸਿੰਘ ਕੋਟਲੀ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਸੀ ।
ਇਸ ਤੇ ਨਾਰਾਜ਼ ਹੋ ਕੇ ਮਹਿੰਦਰ ਸਿੰਘ ਕੇਪੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਸਿਰਫ਼  20 ਦਿਨ ਪਹਿਲੇ ਕਾਂਗਰਸ ਪਾਰਟੀ ਚ ਸ਼ਾਮਲ ਹੋਏ ਸ਼ਖਸ ਨੂੰ  ਪਾਰਟੀ ਨੇ ਟਿਕਟ ਦਿੱਤੀ ਹੈ  ਜਦੋਂ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਇਸ ਇਲਾਕੇ ਵਿੱਚ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਸੁਖਵਿੰਦਰ ਸਿੰਘ ਕੋਟਲੀ ਪਹਿਲਾਂ ਬਹੁਜਨ ਸਮਾਜ ਪਾਰਟੀ ਚ ਸਨ ਤੇ ਉਹ ਹਾਲ ਹੀ ‘ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ  ਕਿ ਮਹਿੰਦਰ ਕੇਪੀ  ਪਹਿਲਾਂ ਵੀ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸਨ  ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਮਨਾਉਣ ਉਨ੍ਹਾਂ ਦੇ ਘਰ ਵੀ ਗਏ ਸਨ। ਇਸ ਦੇ ਨਾਲ ਹੀ ਇਹ ਵੀ ਦੱਸ ਦੇਈਏ ਕਿ  ਮਹਿੰਦਰ ਸਿੰਘ ਕੇਪੀ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ  ਰਿਸ਼ਤੇਦਾਰ ਹਨ।
ਮਹਿੰਦਰ ਸਿੰਘ ਕੇਪੀ ਹੁਣ ਇਸਦੇ ਬਾਅਦ ਕਿਸ ਤਰੀਕੇ ਦਾ ਕਦਮ ਚੁਕਣਗੇ ਇਹ ਤਾਂ ਅਜੇ ਬਾਅਦ ਦੀ ਗੱਲ ਹੈ  ਪਰ ਦੇਖਣ ਵਾਲੀ ਗੱਲ ਇਹ ਹੈ  ਕਿ ਕਾਂਗਰਸ ਵਿੱਚ ਟਿਕਟਾਂ ਨੂੰ ਲੈ ਕੇ ਆਪੋ ਧਾਪੀ ਦਾ ਮਾਹੌਲ ਅਖੀਰਲੇ ਦਿਨ ਤੱਕ ਵੀ ਬਣਿਆ ਰਿਹਾ   । ਵੈਸੇ ਤਾਂ ਇਸ ਵਾਰ ਦੀਆਂ ਚੋਣਾਂ ਵਿੱਚ  ਤਕਰੀਬਨ ਸਾਰੀਆਂ ਪਾਰਟੀਆਂ ਚ ਹੀ  ਦੂਸਰੀਆਂ ਪਾਰਟੀਆਂ ਛੱਡ ਕੇ ਆਏ ਲੀਡਰ ਵੇਖੇ ਜਾ ਸਕਦੇ ਹਨ ਪਰ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ  ਪਾਰਟੀ ਚ ਕਈ ਮਹੀਨਿਆਂ ਤੋਂ ਚਲੇ ਆ ਰਹੇ ਕਾਟੋ ਕਲੇਸ਼ ਦੇ ਬਾਅਦ ਵੀ ਇਹ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੇੈ।
ਇਸ ਤੋਂ ਪਹਿਲਾਂ  ਸਾਬਕਾ ਮੰਤਰੀ ਤੇ ਮੋਰਿੰਡਾ ਹਲਕੇ ਤੋਂ ਸੀਨੀਅਰ ਕਾਂਗਰਸੀ ਜਗਮੋਹਨ ਕੰਗ  ਨੇ ਵੀ ਕਾਂਗਰਸ ਖ਼ਿਲਾਫ਼ ਝੰਡਾ ਚੁੱਕਿਆ ਹੋਇਆ ਹੈ ਕਿਉਂ ਕਿ ਉਨ੍ਹਾਂ ਦੀ ਟਿਕਟ ਵੀ ਕੱਟੀ ਗਈ ਹੈ। ਪਰ ਉਨ੍ਹਾਂ ਨੇ ਅੱਜ ਆਪਣੇ ਦੋਨੋਂ ਪੁੱਤਰਾਂ ਸਮੇਤ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ।
ਪਰ ਆਦਮਪੁਰ ਹਲਕੇ ਚ  ਸੀਨੀਅਰ ਕਾਂਗਰਸੀ ਆਗੂ, ਸਾਬਕਾ ਮੰਤਰੀ  ਤੇ ਸਾਬਕਾ ਕਾਂਗਰਸ ਪ੍ਰਧਾਨ ਰਹਿ ਚੁੱਕੇ  ਮੋਹਿੰਦਰ ਸਿੰਘ ਕੇਪੀ ਦਾ ਰੁੱਖ ਹੁਣ ਕੀ ਹੋਏਗਾ!

Share this Article
Leave a comment