ਨਵੀਂ ਦਿੱਲੀ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ.ਐੱਸ.ਸੀ.) ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਫਾਈਨਲ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 761 ਉਮੀਦਵਾਰਾਂ ਨੂੰ ਸਫਲਤਾ ਮਿਲੀ ਹੈ।
ਸਿਵਲ ਸਰਵਿਸਿਜ਼ ਪ੍ਰੀਖਿਆ 2020 ’ਚ 761 ਉਮੀਦਵਾਰ ਪਾਸ ਹੋਏ, ਜਿਨ੍ਹਾਂ ’ਚ 545 ਪੁਰਸ਼ ਅਤੇ 216 ਔਰਤਾਂ ਸ਼ਾਮਲ ਹਨ। ਸ਼ੁਭਮ ਕੁਮਾਰ ਨੇ ਸਿਵਲ ਸੇਵਾ ਪ੍ਰੀਖਿਆ-2020 ’ਚ ਟਾਪ ਕੀਤਾ ਹੈ। ਜਾਗ੍ਰਿਤੀ ਅਵਸਥੀ ਅਤੇ ਅੰਕਿਤਾ ਜੈਨ ਨੇ ਸਿਵਲ ਸੇਵਾ ਪ੍ਰੀਖਿਆ ’ਚ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।
ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦੇ ਸ਼ੁਭਮ ਕੁਮਾਰ ਨੇ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਟਾਪ ਕਰਕੇ ਨਵਾਂ ਰਿਕਾਰਡ ਬਣਾਇਆ ਹੈ। ਸਿਵਲ ਸੇਵਾਵਾਂ ਪ੍ਰੀਖਿਆ 2020 ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸ਼ੁਭਮ ਕੁਮਾਰ ਨੇ ਆਈਆਈਟੀ ਬੰਬੇ ਤੋਂ ਬੀਟੈਕ ਕੀਤੀ ਹੈ। ਸ਼ੁਭਮ ਕੁਮਾਰ ਨੇ 2019 ਵਿੱਚ 290 ਰੈਂਕ ਪ੍ਰਾਪਤ ਕੀਤੇ ਸਨ।
ਸ਼ੁਭਮ ਕੁਮਾਰ ਯੂਪੀਐਸਸੀ-2020 ਟਾਪਰ
ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ’ਚ ਹਿੱਸਾ ਲਿਆ ਹੈ, ਉਹ ਅਧਿਕਾਰਤ ਵੈੱਬਸਾਈਟ upsc.gov.in ’ਤੇ ਜਾ ਕੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ।
ਯੂ.ਪੀ.ਐੱਸ.ਸੀ. ਨੇ ਜਨਵਰੀ 2021 ’ਚ ਹੋਈ ਲਿਖਤੀ ਮੁੱਖ ਪ੍ਰੀਖਿਆ ਅਤੇ ਅਗਸਤ ਤੇ ਸਤੰਬਰ 2021 ਦਰਮਿਆਨ ਹੋਈ ਪਰਸਨੈਲਿਟੀ ਪ੍ਰੀਖਿਆ ਦੇ ਅਧਾਰ ’ਤੇ ਫਾਈਨਲ ਨਤੀਜਾ ਜਾਰੀ ਕੀਤਾ ਹੈ।
ਜਨਰਲ ਸ਼੍ਰੇਣੀ ਦੇ 263, ਆਰਥਿਕ ਤੌਰ ’ਤੇ ਪੱਛੜੀਆਂ ਸ਼੍ਰੇਣੀਆਂ ਦੇ 86, ਹੋਰ ਪੱਛੜੀਆਂ ਸ਼੍ਰੇਣੀਆਂ ਦੇ 229, ਅਨੁਸੂਚਿਤ ਜਾਤੀਆਂ ਦੇ 122, ਅਨੁਸੂਚਿਤ ਜਨਜਾਤੀਆਂ ਦੇ 61 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਸ ਤੋਂ ਬਾਅਦ ਕੁੱਲ 761 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ 150 ਉਮੀਦਵਾਰਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ।