Lucknow: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਕਥਿਤ ਤੌਰ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਵਿਅਕਤੀ ਨੇ ਚਿਤਾਵਨੀ ਦਿਤੀ ਕਿ ਸੀ.ਐੱਮ ਕੋਲ ਸਿਰਫ 4 ਦਿਨ ਬਚੇ ਹਨ।
ਯੂਪੀ ਪੁਲਿਸ ਦੀ ਐਮਰਜੈਂਸੀ ਸਰਵਿਸ ਡਾਇਲ 112 ਦੇ ਵਟਸਐਪ ਨੰਬਰ ‘ਤੇ ਮੈਸੇਜ ਭੇਜ ਕੇ ਇਹ ਧਮਕੀ ਦਿੱਤੀ ਗਈ ਹੈ । ਪੁਲਿਸ ਨੇ ਇਸ ਮਾਮਲੇ ਵਿੱਚ ਸੁਸ਼ਾਂਤ ਗੋਲਫ ਸਿਟੀ ਥਾਣੇ ਵਿੱਚ ਇਸ ਮੈਸੇਜ ਨੂੰ ਲੈ ਕੇ ਕੇਸ ਵੀ ਦਰਜ ਕਰ ਲਿਆ ਹੈ ਅਤੇ ਨੰਬਰ ਦੀ ਜਾਂਚ ਕਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਧਮਕੀ ਭਰੇ ਮੈਸੇਜ ਆਉਣ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਤਹਿਲਕਾ ਮਚ ਗਿਆ ਹੈ। ਰਿਪੋਰਟਾਂ ਦੇ ਅਨੁਸਾਰ, ਪੁਲਿਸ ਨੇ ਵਿਅਕਤੀ ਦੀ ਭਾਲ ਲਈ ਇੱਕ ਨਿਗਰਾਨੀ ਟੀਮ ਤਾਇਨਾਤ ਕੀਤੀ ਹੈ । ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਕੀ 29 ਅਪ੍ਰੈਲ ਸ਼ਾਮ ਨੂੰ ਮਿਲੀ ਸੀ। ਇਸ ਦੇ ਨਾਲ ਹੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਇੱਕ ਪੁਲਿਸ ਟੀਮ ਬਣਾਈ ਗਈ ਹੈ, ਜੋ ਕਿ ਨਿਗਰਾਨੀ ਸੈੱਲ ਦੀ ਮਦਦ ਨਾਲ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵਿੱਚ ਜੁੱਟ ਗਈ ਹੈ।
ਦਸ ਦਈਏ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਮੁੱਖ ਮੰਤਰੀ ਨੂੰ ਇਹ ਧਮਕੀ ਮਿਲੀ ਹੈ । ਪਿਛਲੇ ਸਾਲ ਸਤੰਬਰ, ਨਵੰਬਰ ਅਤੇ ਦਸੰਬਰ ਵਿਚ ਵੀ ਆਦਿਤਿਆਨਾਥ ਨੂੰ ਧਮਕੀਆਂ ਦੇਣ ਵਾਲੀਆਂ ਕਾਲਾਂ ਆਈਆਂ ਸਨ।