ਵਾਸ਼ਿੰਗਟਨ : ਅਮਰੀਕੀ ਸੈਨੇਟ ਨੇ ਪ੍ਰਸਿੱਧ ਅਰਥ ਸ਼ਾਸਤਰੀ ਜੇਨੇਟ ਯੇਲੇਨ ਦਾ ਅਮਰੀਕਾ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਬਣਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸੈਨੇਟ ‘ਚ ਬੀਤੇ ਸੋਮਵਾਰ ਨੂੰ ਪੁਸ਼ਟੀਕਰਣ ਸੁਣਵਾਈ ਦੌਰਾਨ ਯੇਲੇਨ ਦੇ ਸਮਰਥਨ ‘ਚ 84 ਤੇ ਵਿਰੋਧ ‘ਚ 15 ਵੋਟਾਂ ਪਈਆਂ।
ਸੈਨੇਟ ਦੀਆਂ 100 ਸੀਟਾਂ ‘ਚੋਂ ਡੈਮੋਕਰੇਟਸ ਤੇ ਰਿਪਬਲੀਕਨ ਪਾਰਟੀਆਂ ਕੋਲ 50-50 ਸੀਟਾਂ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਸੰਸਦ ਦੇ ਇਸ ਉਪਰਲੇ ਸਦਨ ਦੀ ਸਪੀਕਰ ਹੈ ਤੇ ਉਨ੍ਹਾਂ ਦੀ ਵੋਟ ਡੈਮੋਕ੍ਰੇਟਸ ਨੂੰ ਇੱਥੇ ਬੜਤ ਦਿੰਦੀ ਹੈ। ਯੇਲੇਨ ਫੈਡਰਲ ਰਿਜ਼ਰਵ ਦਾ ਸਾਬਕਾ ਚੇਅਰਮੈਨ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਹੀ ਸਹੁੰ ਚੁੱਕੇਗੀ।
ਉਹ ਰਾਸ਼ਟਰਪਤੀ ਜੋਅ ਬਾਇਡਨ ਦੀ ਕੈਬਨਿਟ ‘ਚ ਤੀਜੀ ਅਜਿਹੀ ਮੰਤਰੀ ਹੈ, ਜਿਨ੍ਹਾਂ ਦੇ ਨਾਂ ਦੀ ਸੈਨੇਟ ਵਲੋਂ ਹੁਣ ਤਕ ਪੁਸ਼ਟੀ ਕੀਤੀ ਗਈ ਹੈ।
ਇਸ ਤੋਂ ਇਲਾਵਾ ਅਮਰੀਕਾ ਦੇ ਵਿਦੇਸ਼ ਮੰਤਰੀ ਅਹੁਦੇ ਦੇ ਲਈ ਐਂਟਨੀ ਬਲਿੰਕੇਨ ਦੇ ਨਾਂ ‘ਤੇ ਵੀ ਸੇਨੈਟ ਨੇ ਮੋਹਰ ਲਾਈ ਹੈ। ਜੋਅ ਬਾਇਡਨ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਸੰਯੁਕਤ ਰਾਜ ਦੇ ਨਵੇਂ ਵਿਦੇਸ਼ ਮੰਤਰੀ ਦੀ ਵੀ ਚੋਣ ਕੀਤੀ ਗਈ। ਬੀਤੇ ਮੰਗਲਵਾਰ ਨੂੰ, ਅਮਰੀਕੀ ਸੈਨੇਟ ‘ਚ ਐਂਟਨੀ ਬਲਿੰਕੇਨ ਦੇ ਨਾਮ ‘ਤੇ ਵਿਦੇਸ਼ ਮੰਤਰੀ ਨੂੰ ਵੋਟਾਂ ਪਈਆਂ ਹਨ। ਦੱਸ ਦਈਏ ਕਿ ਅਮਰੀਕਾ ‘ਚ ਰਾਸ਼ਟਰਪਤੀ ਤੋਂ ਬਾਅਦ ਸਭ ਤੋਂ ਸ਼ਕਤੀਸ਼ਾਲੀ ਅਹੁਦਾ ਵਿਦੇਸ਼ ਮੰਤਰੀ ਦਾ ਮੰਨਿਆ ਜਾਂਦਾ ਹੈ। ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਮਾਈਕ ਪੋਂਪਿਓ ਵਿਦੇਸ਼ ਮੰਤਰੀ ਦੇ ਅਹੁਦੇ ਉਪਰ ਬਿਰਾਜਮਾਨ ਸਨ।