ਜਗਤਾਰ ਸਿੰਘ ਸਿੱਧੂ;
ਕਿਸਾਨੀ ਮੰਗਾਂ ਲਈ ਅੰਦੋਲਨ ਕਰ ਰਹੀਆਂ ਜਥੇਬੰਦੀਆਂ ਦੇ ਆਗੂ ਮੁੜ ਇਕ ਪਲੇਟਫਾਰਮ ਤੇ ਆਉਣ ਦੇ ਸੰਕੇਤ ਮਿਲੇ ਹਨ। ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂ ਇਕ ਦਿਨ ਬਾਅਦ ਬਾਰਾਂ ਫਰਵਰੀ ਨੂੰ ਚੰਡੀਗੜ ਸਾਂਝੀ ਮੀਟਿੰਗ ਕਰਨ ਲਈ ਸਹਿਮਤ ਹੋ ਗਏ ਹਨ। ਜੇਕਰ ਇਸ ਮੀਟਿੰਗ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਸਾਂਝੇ ਅੰਦੋਲਨ ਬਾਰੇ ਸਹਿਮਤੀ ਹੋ ਜਾਂਦੀ ਹੈ ਤਾਂ ਕਿਸਾਨ ਅੰਦੋਲਨ ਲਈ ਦਿੱਲੀ ਤੋਂ ਬਾਅਦ ਇਹ ਵੱਡਾ ਹੁਲਾਰਾ ਹੋਵੇਗਾ।
ਅੱਜ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਮੋਰਚੇ ਤੇ ਪੁਸ਼ਟੀ ਕੀਤੀ ਹੈ ਕਿ ਚੰਡੀਗੜ ਮੀਟਿੰਗ ਵਿੱਚ ਸ਼ਾਮਲ ਹੋਵਾਂਗੇ। ਪੰਧੇਰ ਦਾ ਕਹਿਣਾ ਹੈ ਕਿ ਅਸੀਂ ਤਾਂ ਮੁਕੰਮਲ ਏਕੇ ਦੇ ਹਾਮੀ ਹਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਦੋਹਾਂ ਮੋਰਚਿਆਂ ਦੀ ਬਹੁਤ ਸਾਰੇ ਮਾਮਲਿਆਂ ਉੱਪਰ ਸਹਿਮਤੀ ਹੈ ਅਤੇ ਬਾਕੀ ਮੁੱਦਿਆਂ ਉਪਰ ਵੀ ਗੱਲਬਾਤ ਕਰਨ ਬਾਅਦ ਸਹਿਮਤੀ ਹੋ ਜਾਵੇਗੀ। ਸੋਧੇ ਹੋਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਵੀ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਆਗੂਆਂ ਨੇ ਸਹਿਮਤੀ ਦੇ ਦਿੱਤੀ ਹੈ ।ਇਸੇ ਤਰਾਂ ਕਾਰਪੋਰੇਟ ਘਰਾਣਿਆਂ ਵਿਰੁੱਧ ਵੀ ਇਸ ਮੋਰਚੇ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਬੇਸ਼ੱਕ ਬਾਰਾਂ ਫਰਵਰੀ ਨੂੰ ਖਨੌਰੀ ਬਾਰਡਰ ਉੱਤੇ ਵੱਡਾ ਕਿਸਾਨ ਇਕਠ ਹੋ ਰਿਹਾ ਹੈ ਪਰ ਫਿਰ ਵੀ ਚੰਡੀਗੜ ਮੀਟਿੰਗ ਵਿੱਚ ਸ਼ਾਮਿਲ ਹੋਣਗੇ।
ਪੰਧੇਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ 14 ਫਰਵਰੀ ਨੂੰ ਚੰਡੀਗੜ ਮੀਟਿੰਗ ਵਿੱਚ ਕੇਂਦਰ ਅਤੇ ਕਿਸਾਨਾਂ ਵਿਚਕਾਰ ਕੋਈ ਮਸਲੇ ਦਾ ਹੱਲ ਨਹੀਂ ਨਿਕਲਦਾ ਹੈ ਤਾਂ 25 ਫਰਵਰੀ ਨੂੰ ਕਿਸਾਨ ਪੈਦਲ ਮਾਰਚ ਦਿੱਲੀ ਨੂੰ ਕਰਨਗੇ। ਇਸ ਐਲਾਨ ਦੀ ਅਹਿਮੀਅਤ ਹੋਰ ਵੀ ਵਧੇਰੇ ਹੈ ਕਿਉਂਕਿ ਬਾਰਾਂ ਫਰਵਰੀ ਦੀ ਕਿਸਾਨ ਆਗੂਆਂ ਦੀ ਮੀਟਿੰਗ ਬਾਅਦ ਇਹ ਪਹਿਲਾ ਵੱਡਾ ਐਕਸ਼ਨ ਹੋਵੇਗਾ। ਇਸ ਐਲਾਨ ਨਾਲ਼ ਇਹ ਵੀ ਕੇਂਦਰ ਨੂੰ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਜੇਕਰ ਕੇਂਦਰ ਮੰਗਾਂ ਮੰਨਣ ਤੋਂ ਆਨਾਕਾਨੀ ਕਰੇਗਾ ਤਾਂ ਕਿਸਾਨ ਵੀ ਵੱਡੇ ਅੰਦੋਲਨ ਲਈ ਤਿਆਰ ਹਨ।
ਅਗਲੇ ਦਿਨ ਕਿਸਾਨ ਅੰਦੋਲਨ ਲਈ ਬਹੁਤ ਅਹਿਮ ਹਨ। ਭਲਕੇ 11 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਆਪਣੇ ਇਕ ਮੋਰਚੇ ਤੇ ਵੱਡਾ ਇੱਕਠ ਕੀਤਾ ਜਾ ਰਿਹਾ ਹੈ। ਬਾਰਾਂ ਫਰਵਰੀ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੱਦੇ ਉੱਤੇ ਖਨੌਰੀ ਬਾਰਡਰ ਉੱਤੇ ਵੱਡਾ ਇਕਠ ਕੀਤਾ ਜਾ ਰਿਹਾ ਹੈ। ਤੇਰਾਂ ਫਰਵਰੀ ਨੂੰ ਸ਼ੰਭੂ ਬਾਰਡਰ ਉੱਤੇ ਕਿਸਾਨ ਮਹਾਪੰਚਾਇਤ ਕੀਤੀ ਜਾ ਰਹੀ ਹੈ। ਇੰਝ ਹੀ 14 ਫਰਵਰੀ ਨੂੰ ਕੇਂਦਰ ਨਾਲ ਮੀਟਿੰਗ ਹੈ।
ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਚ ਬੇਸ਼ਕ ਸੁਧਾਰ ਹੋਇਆ ਹੈ ਪਰ ਹੁਣ ਮੁੜ ਸਿਹਤ ਦੀ ਕਮਜ਼ੋਰੀ ਕਾਰਨ ਮੈਡੀਕਲ ਮਦਦ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਡੱਲੇਵਾਲ ਪਿਛਲੇ ਛੱਬੀ ਨਵੰਬਰ ਤੋਂ ਕਿਸਾਨ ਮੰਗਾਂ ਦੀ ਪੂਰਤੀ ਲਈ ਮਰਨ ਵਰਤ ਉਤੇ ਬੈਠੇ ਹਨ।
ਸੰਪਰਕ/9814002186