ਕੇਂਦਰ ਚੋਣਾਂ ਤੋਂ ਪਹਿਲਾਂ ਕਰੇਗਾ ਕਿਸਾਨ ਖੁਸ਼!

Prabhjot Kaur
3 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਚੰਡੀਗੜ੍ਹ ਕਿਸਾਨ ਜਥੇਬੰਦੀਆਂ ਨਾਲ ਤਿੰਨ ਕੇਂਦਰੀ ਮੰਤਰੀਆਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੋਈ ਮੀਟਿੰਗ ਬਹੁਤ ਅਹਿਮ ਮੰਨੀ ਜਾ ਰਹੀ ਹੈ। ਬਹੁਤ ਘੱਟ ਮੌਕੇ ਅਜਿਹੇ ਹੋਣਗੇ ਜਦੋਂ ਇਸ ਤਰੀਕੇ ਨਾਲ ਮੀਟਿੰਗਾਂ ਹੁੰਦੀਆਂ ਹਨ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜਦੂਰ ਮੋਰਚਾ ਦੇ ਵੱਡੇ ਨੇਤਾ ਸ਼ਾਮਲ ਹੋਏ। ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਕਿਸਾਨ ਆਗੂਆਂ ਵਜੋਂ ਕਿਸਾਨਾ ਦੀ ਪ੍ਰਤੀਨਿਧਤਾ ਕੀਤੀ। ਦੋ ਘੰਟੇ ਤੋਂ ਵਧੇਰੇ ਸਮਾਂ ਮੀਟਿੰਗ ਵਿੱਚ ਕਿਸਾਨ ਮੁੱਦਿਆਂ ਉੱਪਰ ਚਰਚਾ ਹੋਈ। ਮੀਟਿੰਗ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਨੇ ਤੇਰਾਂ ਫਰਵਰੀ ਨੂੰ ਕਿਸਾਨਾ ਨੂੰ ਦਿੱਲੀ ਚੱਲੋ ਦਾ ਸੱਦਾ ਦਿੱਤਾ ਹੋਇਆ ਹੈ।

ਬੇਸ਼ੱਕ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਦਿੱਲੀ ਚੱਲੋ ਦਾ ਸੱਦਾ ਕਾਇਮ ਹੈ, ਪਰ ਉਸ ਤੋਂ ਪਹਿਲਾਂ ਤਿੰਨ ਕੇਂਦਰੀ ਮੰਤਰੀਆਂ ਵਲੋਂ ਆ ਕੇ ਕਿਸਾਨ ਆਗੂਆਂ ਨਾਲ ਗੱਲਬਾਤ ਕਰਨੀ ਅਹਿਮ ਮਾਮਲਾ ਹੈ। ਇਹ ਸਮਝਿਆ ਜਾ ਸਕਦਾ ਹੈ ਕਿ ਕੇਂਦਰ ਪਾਰਲੀਮੈਂਟ ਚੋਣ ਤੋਂ ਪਹਿਲਾਂ ਕਿਸਾਨਾ ਨਾਲ ਅਹਿਮ ਮਾਮਲਿਆਂ ਉੱਪਰ ਗੱਲਬਾਤ ਨਿਬੇੜਨੀ ਚਾਹੁੰਦਾ ਹੈ। ਮੁੱਖ ਮੰਤਰੀ ਮਾਨ ਵਲੋਂ ਮੀਟਿੰਗ ਲਈ ਅਹਿਮ ਭੂਮਿਕਾ ਨਿਭਾਈ ਗਈ ਹੈ ਅਤੇ ਇਸ ਲਈ ਮੀਟਿੰਗ ਬਾਦ ਮਾਨ ਵਲੋਂ ਮੀਡੀਆ ਨੂੰ ਮੀਟਿੰਗ ਬਾਰੇ ਦਿੱਤੀ ਜਾਣਕਾਰੀ ਦਾ ਵੀ ਨੋਟਿਸ ਲੈਣਾ ਬਣਦਾ ਹੈ । ਮਾਨ ਦਾ ਕਹਿਣਾ ਹੈ ਕਿ ਕਿਸਾਨ ਮੰਗਾਂ ਦੇ ਨਿਪਟਾਰੇ ਲਈ ਕੇਂਦਰ ਕਮੇਟੀ ਬਣਾਉਣੀ ਮੰਨ ਗਿਆ ਹੈ ਅਤੇ ਇਸ ਵਿਚ ਕਿਸਾਨਾ ਦੇ ਪ੍ਰਤੀਨਿਧ ਵੀ ਸ਼ਾਮਲ ਹੋਣਗੇ। ਕਮੇਟੀ ਫਸਲਾਂ ਦਾ ਘੱਟੋਂ-ਘੱਟ ਭਾਅ ਤੈਅ ਕਰਨ ਬਾਰੇ ਸਹਿਮਤੀ ਬਣਾਏਗੀ।

ਲਖੀਮਪੁਰ ਖੀਰੀ ਵਿਚ ਜਖਮੀ ਹੋਏ ਕਿਸਾਨਾ ਨੂੰ ਦਸ ਲੱਖ ਰੁਪਏ ਪ੍ਰਤੀ ਪਰਿਵਾਰ ਦੇਣ ਬਾਰੇ ਵੀ ਗੱਲ ਹੋਈ ਹੈ।ਕਿਸਾਨਾਂ ਉੱਪਰ ਅੰਦੋਲਨ ਦੌਰਾਨ ਦਰਜ ਹੋਏ ਕੇਸਾਂ ਦੀ ਵਾਪਸੀ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੂਤਰਾਂ ਅਨੁਸਾਰ ਮੀਟਿੰਗ ਸਦਭਾਵਨਾ ਵਾਲੇ ਮਹੌਲ ਵਿੱਚ ਹੋਈ। ਇਸ ਦਾ ਅੰਦਾਜਾ ਤਾਂ ਇਥੋਂ ਵੀ ਲਾਇਆ ਜਾ ਸਕਦਾ ਹੈ ਕਿ ਇਕ ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਪੁੱਛਿਆ ਕਿ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਕਦੋਂ ਖੁਆਉਗੇ। ਅਗਲੀ ਮੀਟਿੰਗ 12 ਫਰਵਰੀ ਨੂੰ ਦਿੱਲੀ ਹੋਵੇਗੀ।

- Advertisement -

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ 13 ਫਰਵਰੀ ਨੂੰ ਦਿੱਲੀ ਚੱਲੋ ਦਾ ਸੱਦਾ ਕਾਇਮ ਹੈ ਅਤੇ ਕਿਸਾਨ ਯੰਤਰ ਮੰਤਰ ਤੇ ਜਾ ਕੇ ਧਰਨਾ ਲਾਉਣਗੇ। ਪੰਜਾਬ ਭਰ ਵਿਚੋਂ ਕਿਸਾਨ ਦਿੱਲੀ ਜਾਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਗੱਲਬਾਤ ਲਈ ਦਰਵਾਜੇ ਖੁੱਲੇ ਹਨ।

ਹਰਿਆਣਾ ਸਰਕਾਰ ਵੀ ਕਿਸਾਨਾਂ ਨੂੰ ਪੰਜਾਬ ਤੋਂ ਰੋਕਣ ਲਈ ਜਬਰਦਸਤ ਨਾਕਾਬੰਦੀ ਕਰ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਪੰਜਾਬ ਨਾਲ ਲਗਦੇ ਬਾਰਡਰ ਲਈ ਹਰਿਆਣਾ ਪੁਲੀਸ ਤਾਇਨਾਤ ਹੈ।

ਸੰਪਰਕਃ9814002186

Share this Article
Leave a comment