ਪਟਿਆਲਾ : ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸੱਤਾਧਾਰੀ ਕਾਂਗਰਸ ਪਾਰਟੀ ਹਰ ਦਿਨ ਨੌਜਵਾਨਾਂ ਨੂੰ ਨੌਕਰੀ ਦਿੱਤੇ ਜਾਣ ਦਾ ਦਾਅਵਾ ਕਰਦੀ ਰਹਿੰਦੀ ਹੈ ਪਰ ਬੀਤੀ ਕੱਲ੍ਹ ਤੋਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੋਂ ਬਾਅਦ ਵਿਰੋਧੀਆਂ ਵੱਲੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਜੀ ਹਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ‘ਚ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਤੀ ਕੱਲ੍ਹ ਉਨ੍ਹਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਵੀ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਇਸ ਤੋਂ ਬਾਅਦ ਦੁਖੀ ਅਧਿਆਪਕਾਂ ਨੇ ਭਾਖੜਾ ਨਹਿਰ ‘ਚ ਛਾਲ ਵੀ ਮਾਰ ਦਿੱਤੀ ਸੀ।
ਚੱਲ ਰਹੇ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦਿਆਂ ਮਾਨਸਾ ਦੇ ਰਹਿਣ ਵਾਲੇ ਫਲਬਾਗ ਸਿੰਘ ਨਾਮਕ ਪ੍ਰਦਰਸ਼ਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਸੱਤ ਮਹੀਨੇ ਤੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਸਰਕਾਰ ਜਾਣ ਬੁੱਝ ਕੇ ਅਣਸੁਣਿਆ ਕਰ ਰਹੀ ਹੈ। ਫਲਬਾਗ ਨੇ ਦੱਸਿਆ ਕਿ ਬੀਤੀ ਕੱਲ੍ਹ ਪੁਲਿਸ ਨੇ ਉਨ੍ਹਾਂ ‘ਤੇ ਤਿੰਨ ਚਾਰ ਵਾਰ ਡਾਂਗਾ ਵਰ੍ਹਾਈਆਂ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨੌਜਵਾਨ ਮੁੰਡਿਆਂ ਤੋਂ ਇਲਾਵਾ ਮਹਿਲਾ ਦਿਵਸ ਮੌਕੇ ਕਈ ਕੁੜੀਆਂ ਦੇ ਵੀ ਸੱਟਾਂ ਲੱਗੀਆਂ ਹਨ। ਪ੍ਰਦਰਸ਼ਕਾਰੀ ਨੇ ਦੱਸਿਆ ਕਿ ਉਹ ਸਾਰੇ ਹੁਣ ਨਹਿਰ ‘ਚ ਛਾਲਾਂ ਮਾਰਨਗੇ।
ਇਸ ਦੇ ਨਾਲ ਹੀ ਜੀਵਨ ਸਿੰਘ ਨਾਮਕ ਇੱਕ ਹੋਰ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਸਿਰਫ ਲਾਲੀਪਾਪ ਦਿੱਤੇ ਜਾ ਰਹੇ ਹਨ ਗੱਲ ਕਿਸੇ ਵੀ ਨਤੀਜੇ ਵੱਲ ਨਹੀਂ ਵਧ ਰਹੀ। ਉਨ੍ਹਾਂ ਦੱਸਿਆ ਕਿ ਇਹ ਸਰਕਾਰ ਸਿਰਫ ਝੂਠੇ ਲਾਰੇ ਲਾ ਕੇ ਸੱਤਾ ‘ਚ ਆਈ ਹੈ ਅਤੇ ਹੁਣ ਵੀ ਲਾਰੇ ਹੀ ਲਾ ਰਹੀ ਹੈ। ਜੀਵਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ 11 ਲੱਖ ਨੌਕਰੀਆਂ ਦੇ ਕੀਤੇ ਜਾ ਰਹੇ ਦਾਅਵੇ ਨਾਲ ਬੇਰੁਜ਼ਗਾਰਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।