ਵਾਸ਼ਿੰਗਟਨ :- ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੀ ਦਵਾਈ ਸਬੰਧੀ ਜ਼ਰੂਰਤਾਂ ਨੂੰ ਸਮਝਦੇ ਹੋਏ ਕੋਰੋਨਾ ਵੈਕਸੀਨ ਦੇ ਨਿਰਮਾਣ ‘ਚ ਇਸਤੇਮਾਲ ਕੀਤੀ ਜਾਣਵਾਲੀ ਸਮੱਗਰੀ ਦੇ ਮਾਮਲੇ ‘ਤੇ ਬਣਦਾ ਧਿਆਨ ਦੇਣ ਦਾ ਭਰੋਸਾ ਦਿੱਤਾ ਹੈ। ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ‘ਚ ਇਕ ਕਾਨੂੰਨ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਘਰੇਲੂ ਮੰਗ ਨੂੰ ਤਰਜੀਹ ਦੇਣੀ ਪੈਂਦੀ ਹੈ।
ਦੱਸ ਦਈਏ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਾਂਗ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਜੰਗ ਸਮੇਂ ਰੱਖਿਆ ਉਤਪਾਦਨ ਕਾਨੂੰਨ ਲਾਗੂ ਕੀਤਾ ਹੋਇਆ ਹੈ। ਇਸ ਤਹਿਤ ਅਮਰੀਕੀ ਕੰਪਨੀਆਂ ਨੂੰ ਕੋਰੋਨਾ ਵੈਕਸੀਨ ਤੇ ਪੀਪੀਈ ਉਤਪਾਦਨ ‘ਚ ਘਰੇਲੂ ਮੰਗ ਨੂੰ ਤਰਜੀਹ ਦੇਣੀ ਪੈਂਦੀ ਹੈ।
ਇਸਤੋਂ ਇਲਾਵਾ ਅਮਰੀਕਾ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਹੈ। ਅਮਰੀਕਾ ‘ਚ 4 ਜੁਲਾਈ ਤਕ ਪੂਰੀ ਆਬਾਦੀ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇੱਥੇ ਮੁੱਖ ਤੌਰ ‘ਤੇ ਮਾਡਰਨਾ ਤੇ ਫਾਈਜ਼ਰ ਦੀ ਵੈਕਸੀਨ ਲਗਾਈ ਜਾ ਰਹੀ ਹੈ। ਇਸ ਲਈ ਅਮਰੀਕੀ ਕੰਪਨੀਆਂ ਦੇ ਸਾਹਮਣੇ ਵੈਕਸੀਨ ਦੇ ਨਿਰਮਾਣ ‘ਚ ਜ਼ਰੂਰੀ ਕੱਚੇ ਮਾਲ ਦੀ ਸਪਲਾਈ ਸਿਰਫ਼ ਘਰੇਲੂ ਉਤਪਾਦਕਾਂ ਨੂੰ ਹੀ ਕਰਨ ਦਾ ਦਬਾਅ ਹੈ।