ਲਾਲ ਕਿਲ੍ਹੇ ਨੇੜ੍ਹੇ ਹੋਏ ਧਮਾਕੇ ਪਿੱਛੇ ਕਿਸ ਦਾ ਹੱਥ? UN ਦੀ ਰਿਪੋਰਟ ‘ਚ ਹੋਇਆ ਵੱਡਾ ਖੁਲਾਸਾ

Global Team
3 Min Read

ਨਿਵੀਂ ਦਿੱਲੀ: ਦਿੱਲੀ ਦੇ ਲਾਲ ਕਿਲ੍ਹੇ ਨੇੜੇ ਨਵੰਬਰ 2025 ਵਿੱਚ ਹੋਏ ਧਮਾਕੇ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਨਿਗਰਾਨੀ ਟੀਮ ਦੀ ਤਾਜ਼ਾ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਇਸ ਜਾਨਲੇਵਾ ਧਮਾਕੇ ਲਈ ਅਲ-ਕਾਇਦਾ ਇਨ ਦ ਇੰਡੀਅਨ ਸਬਕਾਂਟੀਨੈਂਟ ਯਾਨੀ AQIS ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਖੁਲਾਸੇ ਨਾਲ ਭਾਰਤ ਵਿੱਚ ਚੱਲ ਰਹੀ ਇਸ ਮਾਮਲੇ ਦੀ ਜਾਂਚ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੀ ਇੱਕ ਨਵਾਂ ਪੱਖ ਮਿਲਿਆ ਹੈ।

AQIS ਦੇ ਕੰਮ ਕਰਨ ਦੇ ਤਰੀਕੇ ’ਚ ਬਦਲਾਅ

UN ਦੀ 1267 ਪਾਬੰਦੀ ਕਮੇਟੀ ਦੀ ਨਿਗਰਾਨੀ ਟੀਮ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ AQIS ਹੁਣ ਪਹਿਲਾਂ ਵਾਲੇ ਬਿਖਰੇ ਹੋਏ ਸੰਗਠਨ ਦੀ ਬਜਾਏ ਇੱਕ ਵਿਕੇਂਦਰੀਕ੍ਰਿਤ ਨੈੱਟਵਰਕ ਵਜੋਂ ਕੰਮ ਕਰ ਰਿਹਾ ਹੈ। ਇਸ ਤਹਿਤ ਇਹ ਸੰਗਠਨ ਵੱਖ-ਵੱਖ ਇਲਾਕਿਆਂ ਵਿੱਚ ਛੋਟੀਆਂ ਇਕਾਈਆਂ ਜਾਂ ਸੈੱਲਾਂ ਰਾਹੀਂ ਆਪਣੀਆਂ ਗਤੀਵਿਧੀਆਂ ਚਲਾਉਂਦਾ ਹੈ।

ਰਿਪੋਰਟ ਵਿੱਚ ਅਫਗਾਨਿਸਤਾਨ ਵਿੱਚ AQIS ਦੀ ਮੌਜੂਦਗੀ ਅਤੇ ਬੰਗਲਾਦੇਸ਼ ਵਿੱਚ ਆਪਣੀਆਂ ਗਤੀਵਿਧੀਆਂ ਵਧਾਉਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਗਈ ਹੈ। ਨਿਗਰਾਨੀ ਟੀਮ ਮੁਤਾਬਕ ਇਸ ਸੰਗਠਨ ਨਾਲ ਜੁੜੇ ਲੋਕ ਕਾਬੁਲ ਵਿੱਚ ਰਹਿ ਰਹੇ ਹਨ ਅਤੇ ਅਫਗਾਨ ਪਛਾਣ-ਪੱਤਰਾਂ ਦੀ ਵਰਤੋਂ ਕਰਕੇ ਆਪਣੀਆਂ ਗਤੀਵਿਧੀਆਂ ਜਾਰੀ ਰੱਖ ਰਹੇ ਹਨ।

ਅੱਤਵਾਦੀ ਸੰਗਠਨਾਂ ਵੱਲੋਂ ਕ੍ਰਿਪਟੋ ਦੀ ਵਰਤੋਂ ’ਤੇ ਚਿੰਤਾ

UN ਦੀ ਰਿਪੋਰਟ ਵਿੱਚ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਨਾਲ ਜੁੜੇ ਸਮੂਹਾਂ ਵੱਲੋਂ ਰਸਾਇਣਕ ਅਤੇ ਜੈਵਿਕ ਸਮੱਗਰੀ ਹਾਸਲ ਕਰਨ ਵਿੱਚ ਦਿਲਚਸਪੀ ਦਿਖਾਉਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੱਤਵਾਦੀ ਸੰਗਠਨਾਂ ਵੱਲੋਂ ਫੰਡ ਇਕੱਠਾ ਕਰਨ ਅਤੇ ਉਸ ਦੀ ਆਵਾਜਾਈ ਲਈ ਡਿਜੀਟਲ ਕਰੰਸੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ’ਤੇ ਵੀ ਚਿੰਤਾ ਜਤਾਈ ਗਈ ਹੈ। ਟੀਮ ਨੇ ਅਜਿਹੇ ਕ੍ਰਿਪਟੋਕਰੰਸੀ ਪਤਿਆਂ ਨੂੰ UN ਪਾਬੰਦੀਆਂ ਦੇ ਦਾਇਰੇ ਵਿੱਚ ਲਿਆਉਣ ’ਤੇ ਵਿਚਾਰ ਕਰਨ ਦੀ ਸਿਫਾਰਸ਼ ਕੀਤੀ ਹੈ।

NIA ਕਰ ਰਹੀ ਹੈ ਮਾਮਲੇ ਦੀ ਜਾਂਚ

ਨਵੰਬਰ 2025 ਵਿੱਚ ਲਾਲ ਕਿਲ੍ਹੇ ਨੇੜੇ ਇੱਕ ਗੱਡੀ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋਈ ਅਤੇ 20 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਭਾਰਤੀ ਜਾਂਚ ਏਜੰਸੀਆਂ ਇਸ ਘਟਨਾ ਨੂੰ ਅੱਤਵਾਦੀ ਹਮਲੇ ਵਜੋਂ ਜਾਂਚ ਰਹੀਆਂ ਹਨ ਅਤੇ NIA ਨੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲਈ ਹੈ।

ਭਾਰਤੀ ਜਾਂਚਕਰਤਾਵਾਂ ਨੇ ਇਸ ਮਾਮਲੇ ਨੂੰ ਕੱਟੜਪੰਥੀ ਸੋਚ ਵਾਲੇ ਪੇਸ਼ੇਵਰਾਂ ਅਤੇ AQIS ਨਾਲ ਜੁੜੇ ਸ਼ੱਕੀ ਲੋਕਾਂ ਵਾਲੇ ਇੱਕ ਨੈੱਟਵਰਕ ਨਾਲ ਜੋੜ ਕੇ ਜਾਂਚ ਕੀਤੀ ਹੈ।

Share This Article
Leave a Comment