ਯੂ.ਕੇ. ‘ਚ ਸਿੱਖਾਂ ‘ਤੇ ਨਸਲੀ ਹਮਲਿਆਂ ‘ਚ ਵਾਧਾ, ਸੰਸਦ ਮੈਂਬਰ ਨੇ ਕੀਤੀ ਕਾਰਵਾਈ ਦੀ ਮੰਗ

Prabhjot Kaur
2 Min Read

ਲੰਦਨ: ਅਮਰੀਕਾ ਤੋਂ ਬਾਅਦ ਯੂ.ਕੇ. ਵਿੱਚ ਵੀ ਸਿੱਖਾਂ ਤੇ ਨਸਲੀ ਹਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਰਿਪੋਰਟਾਂ ਮੁਤਾਬਕ ਇਨ੍ਹਾਂ ਨਸਲੀ ਹਮਲਿਆਂ ‘ਚ 169 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ ਜਦਕਿ 38 ਫ਼ੀਸਦੀ ਹੋਰ ਧਰਮਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ।

ਵਿਰੋਧੀ ਲੇਬਰ ਪਾਰਟੀ ਦੀ ਬ੍ਰਿਟਿਸ਼ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਬ੍ਰਿਟੇਨ ਦੇ ਮੰਤਰੀਆਂ ਨੂੰ ਪੱਤਰ ਲਿਖ ਕੇ ਦੇਸ਼ ਵਿੱਚ ਹੋ ਰਹੇ ਸਿੱਖ ਵਿਰੋਧੀ ਅਪਰਾਧਾਂ ‘ਤੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰੀਤ ਕੌਰ ਗਿੱਲ ਨੇ ਪੱਤਰ ਵਿਚ ਲਿਖਿਆ ਕਿ 2021-22 ਦੇ ਅੰਕੜੇ ਡੂੰਘੀਆਂ ਚਿੰਤਾਵਾਂ ਪੈਦਾ ਕਰ ਰਹੇ ਹਨ। 2020-21 ਵਿਚ ਸਿੱਖਾਂ ਉਪਰ 112 ਨਸਲੀ ਹਮਲੇ ਹੋਏ ਪਰ ਇਸ ਸਾਲ ਬਾਅਦ ਇਹ ਗਿਣਤੀ 300 ਤੋਂ ਟੱਪ ਗਈ। ਉਨ੍ਹਾਂ ਕਿਹਾ ਕਿ ਬਰਤਾਨਵੀ ਸਿੱਖਾਂ ਬਾਰੇ ਦੋ ਸਾਲ ਪਹਿਲਾਂ ਪ੍ਰਕਾਸ਼ਤ ਆਲ ਪਾਰਟੀ ਪਾਰਲੀਮਾਨੀ ਗਰੁੱਪ ਦੀ ਰਿਪੋਰਟ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ।

ਰਿਪੋਰਟ ਮੁਤਾਬਕ ਯੂਕੇ ‘ਚ ਸਰਕਾਰੀ ਪੱਧਰ ‘ਤੇ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਨਾਂ ਦਿੱਤੇ ਜਾਣ ਕਾਰਨ ਭਾਈਚਾਰੇ ਖਿਲਾਫ ਹੋਣ ਵਾਲੇ ਜ਼ਿਆਦਤਰ ਅਪਰਾਧ ਅਣਗੌਲੇ ਰਹਿ ਜਾਂਦੇ ਹਨ ਜਿਨ੍ਹਾਂ ਬਾਰੇ ਕੋਈ ਸਰਕਾਰੀ ਰਿਕਾਰਡ ਨਹੀਂ ਹੁੰਦਾ। ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਿੱਖਾਂ ਬਾਰੇ ਆਲ ਪਾਰਟੀ ਪਾਰਲੀਮਾਨੀ ਗਰੁੱਪ ਦੀ ਰਿਪੋਰਟ ਉਸ ਵੇਲੇ ਦੇ ਗ੍ਰਹਿ ਮੰਤਰੀ ਅਤੇ ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਨਾਲ ਸਾਂਝੀ ਕੀਤੀ ਗਈ ਤਾਂਕਿ ਸਿੱਖਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਦੀ ਪਰਿਭਾਸ਼ਾ ਤਿਆਰ ਕੀਤੀ ਜਾ ਸਕੇ ਪਰ ਵੱਡੇ ਵੱਡੇ ਵਾਅਦੇ ਕਰਨ ਦੇ ਬਾਵਜੂਦ ਕੋਈ ਠੋਸ ਹੁੰਗਾਰਾ ਨਹੀਂ ਮਿਲਿਆ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦੀ ਰਫ਼ਤਾਰ ਹੋਰ ਤੇਜ਼ ਹੋ ਚੁੱਕੀ ਹੈ।

ਦੱਸਣਯੋਗ ਹੈ ਕਿ ਯੂ.ਕੇ. ਵਿਚ ਸਿੱਖਾਂ ਦੀ ਆਬਾਦੀ 5 ਲੱਖ ਤੋਂ ਵੱਧ ਹੈ ਅਤੇ ਨਸਲੀ ਹਮਲੇ ਵਧਣ ਦੀ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਮਾਨਚੈਸਟਰ ਵਿਖੇ 62 ਸਾਲ ਦੇ ਅਵਤਾਰ ਸਿੰਘ ‘ਤੇ ਦਿਨ ਦਿਹਾੜੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਸਿਰਫ਼ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਵਤਾਰ ਸਿੰਘ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਅਤੇ ਅੰਦਰੂਨੀ ਤੌਰ ‘ਤੇ ਖੂਨ ਨਿਕਲਣ ਕਾਰਨ ਖ਼ਤਰਨਾਕ ਦੌਰਾ ਵੀ ਪਿਆ। ਅਵਤਾਰ ਸਿੰਘ ਦੇ ਜਬਾੜੇ ‘ਤੇ ਕਈ ਫਰੈਕਚਰ ਵੀ ਹੋਏ ਸਨ।

- Advertisement -

Share this Article
Leave a comment