ਨਵੀ ਦਿੱਲੀ : ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (PMUY) ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਜਿਸ ਦਾ ਸਿਧ ਅਸਰ ਲੱਖਾਂ ਲੋਕਾਂ ‘ਤੇ ਪਵੇਗਾ। ਸਰਕਾਰ ਨੇ ਹੁਣ ਸਾਲਾਨਾ ਸਬਸਿਡੀ ਵਾਲੇ ਐੱਲ.ਪੀ.ਜੀ. ਸਿਲੰਡਰ ਦੀ ਗਿਣਤੀ 9 ਤੋਂ ਘਟਾ ਕੇ 4 ਕਰ ਦਿੱਤੀ ਹੈ। ਇਸ ਦਾ ਮਤਲਬ ਇਹ ਹੈ ਕਿ ਉੱਜਵਲਾ ਯੋਜਨਾ ਦੇ ਤਹਿਤ ਆਉਣ ਵਾਲੇ ਪਰਿਵਾਰਾਂ ਨੂੰ ਸਾਲ ਵਿੱਚ ਸਿਰਫ਼ 4 ਸਿਲੰਡਰਾਂ ‘ਤੇ ਹੀ ਵਾਧੂ ਸਬਸਿਡੀ ਦਾ ਲਾਭ ਮਿਲ ਸਕੇਗਾ।
ਕਿਹਾ ਜਾ ਰਿਹਾ ਹੈ ਕਿ ਇਹ ਬਦਲਾਅ ਘਰੇਲੂ ਖਪਤ ਦੀ ਔਸਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ। ਸਾਲ 2016 ਵਿੱਚ ਸ਼ੁਰੂ ਹੋਈ ਇਸ ਯੋਜਨਾ ਦੇ ਤਹਿਤ ਪਹਿਲਾਂ ਲਾਭਪਾਤਰੀਆਂ ਨੂੰ ਸਾਲ ਵਿੱਚ 14.2 ਕਿਲੋਗ੍ਰਾਮ ਦੇ 12 ਸਿਲੰਡਰ ਸਬਸਿਡੀ ‘ਤੇ ਮਿਲਦੇ ਸਨ। ਹਾਲਾਂਕਿ, ਪਿਛਲੇ ਸਾਲ ਸਬਸਿਡੀ ਵਾਲੇ ਸਿਲੰਡਰਾਂ ਦੀ ਗਿਣਤੀ ਘਟਾ ਕੇ ਨੌਂ ਕਰ ਦਿੱਤੀ ਗਈ ਸੀ, ਜਿਸ ਨੂੰ ਹੁਣ ਹੋਰ ਵੀ ਘਟਾ ਕੇ ਚਾਰ ਕਰ ਦਿੱਤਾ ਗਿਆ ਹੈ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਵਧੀਕ ਸਕੱਤਰ ਪ੍ਰਵੀਨ ਮਲ ਖਨੂਜਾ ਨੇ ਕਿਹਾ ਕਿ ਸੋਧੀ ਹੋਈ ਸੀਮਾ ਉੱਜਵਲਾ ਲਾਭਪਾਤਰੀਆਂ ਦੀ ਔਸਤ ਸਾਲਾਨਾ ਗੈਸ ਖਪਤ ਦੇ ਬਹੁਤ ਨੇੜੇ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਲਾਭਪਾਤਰੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਾਇਤਾ ਦੇਣਾ ਹੈ। ਦਿੱਲੀ ਵਿੱਚ 14.2 ਕਿਲੋਗ੍ਰਾਮ ਵਾਲੇ ਐੱਲ.ਪੀ.ਜੀ. ਸਿਲੰਡਰ ਦੀ ਕੀਮਤ ਹਾਲ ਹੀ ਵਿੱਚ ਦੋ ਵਾਰ ਹੋਏ ਵਾਧੇ ਤੋਂ ਬਾਅਦ 942 ਰੁਪਏ ਤੱਕ ਪਹੁੰਚ ਗਈ ਹੈ। ਹਾਲਾਂਕਿ, ਸਬਸਿਡੀ ਜੋੜਨ ਤੋਂ ਬਾਅਦ ਉੱਜਵਲਾ ਲਾਭਪਾਤਰੀਆਂ ਨੂੰ ਇੱਕ ਸਿਲੰਡਰ ਲਗਭਗ 642 ਰੁਪਏ ਵਿੱਚ ਮਿਲ ਰਿਹਾ ਹੈ।
ਦੱਸ ਦਈਏ ਕਿ ਸਰਕਾਰ ਨੇ ਸਾਫ਼ ਈਂਧਨ ਨੂੰ ਉਤਸ਼ਾਹਿਤ ਕਰਨ ਅਤੇ ਗੈਸ ਨੂੰ ਸਸਤਾ ਬਣਾਉਣ ਲਈ ਮਈ 2022 ਵਿੱਚ ਇੱਕ ਵਿਸ਼ੇਸ਼ ਸਬਸਿਡੀ ਸ਼ੁਰੂ ਕੀਤੀ ਸੀ। ਇਸ ਦੇ ਤਹਿਤ 14.2 ਕਿਲੋ ਦੇ ਹਰ ਐੱਲ.ਪੀ.ਜੀ. ਸਿਲੰਡਰ ‘ਤੇ 200 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਸੀ, ਜੋ ਹਰ ਰੀਫਿਲ ਤੋਂ ਬਾਅਦ ਸਿੱਧੀ ਲੋਕਾਂ ਦੇ ਬੈਂਕ ਖਾਤੇ ਵਿੱਚ ਭੇਜੀ ਜਾਂਦੀ ਸੀ। ਬਾਅਦ ਵਿੱਚ ਅਕਤੂਬਰ 2023 ਵਿੱਚ ਇਸ ਨੂੰ ਵਧਾ ਕੇ 300 ਰੁਪਏ ਪ੍ਰਤੀ ਸਿਲੰਡਰ ਕਰ ਦਿੱਤਾ ਗਿਆ ਸੀ। ਨਵੇਂ ਨਿਯਮਾਂ ਦ ਤਹਿਤ ਲਾਭਪਾਤਰੀਆਂ ਨੂੰ ਸਾਲ ਦੇ ਪਹਿਲੇ 4 ਸਿਲੰਡਰਾਂ ‘ਤੇ 300 ਰੁਪਏ ਪ੍ਰਤੀ ਸਿਲੰਡਰ ਦੀ ਸਬਸਿਡੀ ਮਿਲਦੀ ਰਹੇਗੀ। ਇਹ ਰਾਸ਼ੀ ਡਾਇਰੈਕਟ ਬੈਨੀਫਿਟ ਟਰਾਂਸਫਰ ਰਾਹੀਂ ਸਿੱਧੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਭੇਜੀ ਜਾਵੇਗੀ।

