ਮੋਹਾਲੀ : ਫਲਾਇੰਗ ਸਿੱਖ ਸਟਾਰ ਓਲੰਪੀਅਨ ਅਥਲੀਟ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਮਿਲਖਾ ਸਿੰਘ ਆਕਸੀਜਨ ’ਤੇ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਬੁੱਧਵਾਰ ਨੂੰ ਉਨ੍ਹਾਂ ਨੂੰ ਹਸਪਤਾਲ ਦੇ ਆਈਸੀਯੂ ਤੋਂ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਵੀ ਕੋਰੋਨਾ ਨਾਲ ਸੰਕਰਮਿਤ ਹੈ। 82 ਸਾਲਾ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਨੂੰ ਕੋਵਿਡ ਨਿਮੋਨੀਆ ਲਈ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਬੁੱਧਵਾਰ ਨੂੰ ਮੋਹਾਲੀ ਦੇ ਉਸੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੇ ਪਤੀ ਦਾ ਇਲਾਜ ਚੱਲ ਰਿਹਾ ਹੈ।
ਮਿਲਖਾ ਸਿੰਘ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਅਮਰੀਕਾ ਰਹਿੰਦੀ ਉਨ੍ਹਾਂ ਦੀ ਬੇਟੀ ਮੋਨਾ ਮਿਲਖਾ ਵੀ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚ ਗਈ ਹੈ। ਮੋਨਾ ਅਮਰੀਕਾ ਵਿਚ ਇਕ ਡਾਕਟਰ ਹੈ। ਮਿਲਖਾ ਸਿੰਘ ਦਾ ਬੇਟਾ ਜੀਵ ਮਿਲਖਾ ਸਿੰਘ ਵੀ ਉਨ੍ਹਾਂ ਦੇ ਬਿਮਾਰ ਹੋਣ ਦੀ ਖ਼ਬਰ ਤੋਂ ਬਾਅਦ ਸ਼ਨੀਵਾਰ ਨੂੰ ਦੁਬਈ ਤੋਂ ਵਾਪਸ ਪਰਤਿਆ ਹੈ।
20 ਮਈ ਨੂੰ ਮਿਲਖਾ ਸਿੰਘ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਆਈ ਸੀ। ਇਸ ‘ਤੇ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਰਸੋਈਆ ਜੋ ਕੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਹੈ ਨੂੰ ਹਲਕਾ ਬੁਖਾਰ ਹੋਣ ਤੋਂ ਬਾਅਦ ਘਰ ਭੇਜ ਦਿਤਾ ਗਿਆ ਸੀ। ਉਸ ਤੋਂ ਬਾਅਦ ਮਿਲਖਾਂ ਸਿੰਘ ਦਾ ਟੈਸਟ ਕੀਤਾ ਗਿਆ,ਜਿਸ ‘ਚ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਸਿਹਤ ਵਿਗੜਨ ਤੋਂ ਬਾਅਦ ਸੋਮਵਾਰ ਨੂੰ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।