ਅਮਰੀਕਾ ਨੇ ਲਿਆ ਵੱਡਾ ਫੈਸਲਾ, ਭਾਰਤ ਤੋਂ ਯਾਤਰਾ ‘ਤੇ 4 ਮਈ ਤੋਂ ਲੱਗੇਗੀ ਰੋਕ

TeamGlobalPunjab
1 Min Read

ਵਾਸ਼ਿੰਗਟਨ/ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਅਮਰੀਕਾ ਅਗਲੇ ਹਫ਼ਤੇ ਤੋਂ ਭਾਰਤ ਯਾਤਰਾ ‘ਤੇ ਰੋਕ ਲਗਾਉਣ ਜਾ ਰਿਹਾ ਹੈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ 4 ਮਈ ਤੋਂ ਭਾਰਤ ਦੀ ਯਾਤਰਾ ‘ਤੇ ਰੋਕ ਲਗਾਏਗਾ। ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕਰੇਟਰੀ ਜੇਨ ਸਾਕੀ ਨੇ ਇਕ ਬਿਆਨ ਵਿਚ ਕਿਹਾ ਕਿ ਮਹਾਂਮਾਰੀ ਰੋਕੂ ਕੇਂਦਰਾਂ ਦੀ ਸਲਾਹ ‘ਤੇ ਅਮਰੀਕੀ ਪ੍ਰਸ਼ਾਸਨ ਭਾਰਤ ਤੋਂ ਯਾਤਰਾ ਨੂੰ ਬੈਨ ਕਰੇਗਾ।

ਸਾਕੀ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਗ਼ੈਰ ਮਾਮੂਲੀ ਰੂਪ ਨਾਲ ਵਾਧਾ ਹੋ ਰਿਹਾ ਹੈ ਅਤੇ ਉੱਥੇ ਹੀ ਕਈ ਤਰ੍ਹਾਂ ਦੇ ਵੇਰੀਐਂਟ ਫੈਲ ਰਹੇ ਹਨ। ਜਿਸ ਨੂੰ ਦੇਖਦੇ ਹੋਏ ਭਾਰਤ ਦੀ ਯਾਤਰਾ ਰੋਕਣ ਦੇ ਆਦੇਸ਼ 4 ਮਈ ਤੋਂ ਪ੍ਰਭਾਵੀ ਹੋਣਗੇ। ਦੱਸ ਦਈਏ ਕਿ ਭਾਰਤ ਲਈ ਯਾਤਰਾ ‘ਤੇ ਬੈਨ ਲਗਾਉਣ ਵਾਲਾ ਅਮਰੀਕਾ ਪਹਿਲਾਂ ਦੇਸ਼ ਨਹੀਂ ਹੈ, ਇਸ ਤੋਂ ਪਹਿਲਾਂ ਬ੍ਰਿਟੇਨ ਸਣੇ ਕਈ ਅਜਿਹੇ ਦੇਸ਼ ਹਨ ਜੋ ਭਾਰਤ ਤੋਂ ਯਾਤਰਾ ‘ਤੇ ਬੈਨ ਲਗਾ ਚੁੱਕੇ ਹਨ।

ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 3,86,452 ਨਵੇਂ ਮਾਮਲੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 1,87,62,976 ਹੋ ਗਈ ਹੈ, ਜਦਕਿ ਐਕਟਿਵ ਕੇਸਾਂ ਦੀ ਗਿਣਤੀ 31 ਲੱਖ ਪਾਰ ਕਰ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਇੱਕ ਦਿਨ ‘ਚ 3498 ਹੋਰ ਮਰੀਜ਼ਾਂ ਦੀ ਮੌਤ ਹੋ ਗਈ।

Share this Article
Leave a comment