ਵਾਸ਼ਿੰਗਟਨ: ਅਮਰੀਕਾ ‘ਚ ਗਰਭਵਤੀ ਔਰਤ ਦਾ ਗਲਾ ਕੱਟ ਕੇ ਕਤਲ ਕਰਨ ਅਤੇ ਗਰਭ ਕੱਟ ਕੇ ਬੱਚਾ ਕੱਢਣ ਦੀ ਦੋਸ਼ੀ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਅਜਿਹਾ ਛੇ ਦਹਾਕਿਆਂ ਵਿਚ ਪਹਿਲੀ ਵਾਰ ਹੈ ਜਦੋਂ ਕਿਸੇ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।
ਲੀਸਾ ਮੋਂਟਗੋਮਰੀ ਨਾਮ ਦੀ ਔਰਤ ਨੂੰ 8 ਦਸੰਬਰ ਨੂੰ ਜ਼ਹਿਰੀਲਾ ਇੰਜੈਕਸ਼ਨ ਲਗਾ ਕੇ ਮੌਤ ਦੀ ਸਜ਼ਾ ਦਿੱਤੀ ਜਾਵੇਗੀ। ਲਗਭਗ 20 ਸਾਲਾਂ ਦੀ ਰੋਕ ਤੋਂ ਬਾਅਦ ਇਸ ਸਾਲ ਜੁਲਾਈ ਵਿਚ ਮੌਤ ਦੀ ਸਜ਼ਾ ਫਿਰ ਤੋਂ ਬਹਾਲ ਕੀਤੀ ਗਈ ਸੀ।
ਦਸੰਬਰ 2004 ਵਿਚ ਵਾਪਰੇ ਇਸ ਕਤਲ ਕਾਂਡ ਵਾਰੇ ਵਕੀਲਾਂ ਦਾ ਕਹਿਣਾ ਹੈ ਕਿ ਕੁੱਤੇ ਨੂੰ ਗੋਦ ਲੈਣ ਬਹਾਨੇ ਮੋਂਟਗੋਮਰੀ ਕੰਸਾਸ ਸਥਿਤ ਆਪਣੇ ਘਰ ਨੇੜਲੇ ਬੌਬੀ ਜੋ ਸਟਿਨਨੇਟ ਦੇ ਘਰ ਗਈ ਸੀ। ਘਰ ਪਹੁੰਚ ਕੇ ਮੋਂਟਗੋਮਰੀ ਨੇ ਰੱਸੀ ਨਾਲ ਅੱਠ ਮਹੀਨੇ ਦੀ ਗਰਭਵਤੀ ਸਟਿਨਨੇਟ ਨੂੰ ਬੰਨ੍ਹ ਕੇ ਉਸ ਦਾ ਪੇਟ ਚੀਰ ਕੇ ਬੱਚੇ ਨੂੰ ਕੱਢ ਲਿਆ ਤੇ ਫਰਾਰ ਹੋ ਗਈ।
ਜੱਜ ਨੇ ਮੋਂਟਗੋਮਰੀ ਦੇ ਵਕੀਲਾਂ ਦੇ ਉਸ ਤਰਕ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਉਸ ਦੇ ਬਿਮਾਰ ਹੋਣ ਦੀ ਗੱਲ ਕਹੀ ਗਈ ਸੀ।