ਸ਼ਬਦ ਵਿਚਾਰ – 100 ਜਪੁ ਜੀ ਸਾਹਿਬ – ਪਉੜੀ 23

TeamGlobalPunjab
4 Min Read

ਸ਼ਬਦ ਵਿਚਾਰ – 100

ਜਪੁ ਜੀ ਸਾਹਿਬਪਉੜੀ 23

ਡਾ. ਗੁਰਦੇਵ ਸਿੰਘ*

ਅਕਾਲ ਪੁਰਖ ਵਾਹਿਗੁਰੂ ਦੀ ਅਸੀਮਤਾ ਨੂੰ ਜਾਨਣਾ ਅਸੰਭਵ ਹੈ। ਜੋ ਉਸ ਪ੍ਰਾਮਤਮਾ ਵਾਹਿਗੁਰੂ ਨੂੰ ਧਿਆਉਂਦੇ ਵੀ ਹਨ ਤੇ ਉਸ ਦੀ ਰਜਾ ਵਿੱਚ ਵੀ ਰਹਿੰਦੇ ਹਨ। ਉਹ ਬੇਸ਼ਕ ਉਸ ਨੂੰ ਪਾ ਤਾਂ ਲੈਦੇ ਹਨ ਪਰ ਉਸ ਦਾ ਅੰਤ ਨਹੀਂ ਪਾ ਸਕਦੇ। ਇਸ ਨੁਕਤੇ ਨੂੰ ਗੁਰੂ ਸਾਹਿਬ ਜਪੁ ਜੀ ਸਾਹਿਬ ਦੀ 23 ਵੀਂ ਪਉੜੀ ਦੇ ਅੰਤਰਗਤ ਉਦਾਹਰਨ ਸਹਿਤ ਸਮਝਾਉਂਦੇ ਹਨ ਜਿਸ ਦੀ ਵਿਚਾਰ ਅੱਜ ਅਸੀਂ ਜਪੁਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਚਾਰ ਅੰਦਰ ਕਰਾਂਗੇ। ਸ਼ਬਦ ਵਿਚਾਰ ਦੀ ਚਲ ਰਹੀ ਲੜੀਵਾਰ ਵਿਚਾਰ ਅਧੀਨ ਅੱਜ ਅਸੀਂ 100ਵੇਂ ਲੜੀਵਾਰ ਸ਼ਬਦ ਦੀ ਵਿਚਾਰ ਕਰ ਰਹੇ ਹਾਂ।

ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥

- Advertisement -

ਪਦ ਅਰਥ: ਸਾਲਾਹੀ = ਸਲਾਹੁਣ-ਜੋਗ ਪਰਮਾਤਮਾ। ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ। ਏਤੀ ਸੁਰਤਿ = ਇਤਨੀ ਸਮਝ (ਕਿ ਅਕਾਲ ਪੁਰਖ ਕੇਡਾ ਵੱਡਾ ਹੈ) । ਨ ਪਾਈਆ = ਕਿਸੇ ਨੇ ਨਹੀਂ ਪਾਈ। ਅਤੈ = ਅਤੇ, ਤੇ। ਵਾਹ = ਵਹਿਣ, ਨਾਲੇ। ਪਵਹਿ = ਪੈਂਦੇ ਹਨ। ਸਮੁੰਦਿ = ਸਮੁੰਦਰ ਵਿਚ। ਨ ਜਾਣੀਅਹਿ = ਨਹੀਂ ਜਾਣੇ ਜਾਂਦੇ, ਉਹ ਨਦੀਆਂ ਤੇ ਨਾਲੇ (ਫਿਰ ਵੱਖਰੇ) ਪਛਾਣੇ ਨਹੀਂ ਜਾ ਸਕਦੇ, (ਵਿਚੇ ਵਿਚ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ) ।

ਵਿਆਖਿਆ : ਸਲਾਹੁਣ = ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕੇਡਾ ਵੱਡਾ ਹੈ, (ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ) । ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ) ।

ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥

ਪਦ ਅਰਥ: ਸਮੁੰਦ ਸਾਹ ਸੁਲਤਾਨ = ਸਮੁੰਦਰਾਂ ਦੇ ਪਾਤਿਸ਼ਾਹ ਤੇ ਸੁਲਤਾਨ। ਗਿਰਹਾ ਸੇਤੀ = ਪਹਾੜਾਂ ਜੇਡੇ। ਤੁਲਿ = ਬਰਾਬਰ। ਨ ਹੋਵਨੀ = ਨਹੀਂ ਹੁੰਦੇ। ਤਿਸੁ ਮਨਹੁ = ਉਹ ਕੀੜੀ ਦੇ ਮਨ ਵਿਚੋਂ। ਜੇ ਨ ਵੀਸਰਹਿ = ਜੇ ਤੂੰ ਨਾਹ ਵਿਸਰ ਜਾਏਂ, (ਹੇ ਹਰੀ!) ।

ਵਿਆਖਿਆ : ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ) (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ) ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ। 23।

- Advertisement -

ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਸਮਝਾਂ ਰਹੇ ਹਨ ਕਿ ਉਸ ਅਕਾਲ ਪੁਰਖ ਦਾ ਅੰਤ ਕੋਈ ਨਹੀਂ ਪਾ ਸਕਦਾ ਭਲਾ ਉਸ ਦਾ ਸਿੱਖ ਹੀ ਕਿਉਂ ਹੀ ਨਾ ਹੋਵੇ ਉਹ ਉਸ ਦਾ ਰੂਪ ਤਾਂ ਹੋ ਸਕਦਾ ਹੈ ਪਰ ਉਸ ਦੀ ਸੀਮਾ ਨੂੰ ਬਿਆਨ ਨਹੀਂ ਕਰ ਸਕਦਾ। ਅਜਿਹੇ ਮਨੁੱਖ ਜੋ ਉਸ ਅਕਾਲ ਪੁਰਖ ਦੇ ਨਾਮ ਵਿੱਚ ਰੰਗੇ ਮਨੁੱਖ ਉਸ ਦਾ ਰੂਪ ਹੋ ਜਾਂਦੇ ਹਨ ਜਿਨ੍ਹਾਂ ਨੂੰ ਤੂੰ ਸਦਾ ਵਿਸਰਦਾ ਨਹੀਂ ਉਨ੍ਹਾਂ ਨੂੰ ਪਰਬਤਾਂ ਜਿੰਨੇ ਖ਼ਜਾਨੇ ਤੇ ਵੱਡੀਆਂ ਵੱਡੀਆਂ ਪਾਤਸ਼ਾਹੀਆਂ ਵੀ ਤੁੱਛ ਮਾਤਰ ਜਾਪਦੀਆਂ ਹਨ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 24ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸ਼ਾਂਝਾ ਕਰੋ ਜੀ।

*gurdevsinghdr@gmail.com

Share this Article
Leave a comment