ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੈਕਸੀਨ ਮੁਹਿੰਮ ਜਾਰੀ ਹੈ। ਕੋਰੋਨਾ ਟੀਕਾਕਰਨ ਦੀ ਰਫਤਾਰ ਇੱਕ ਵਾਰ ਮੱਠੀ ਪੈਣ ਤੋਂ ਬਾਅਦ ਸਾਹਮਣੇ ਆ ਰਹੇ ਕੋਰੋਨਾ ਕੇਸਾਂ ਕਾਰਨ , ਟੀਕਾਕਰਨ ਵਿੱਚ ਉਛਾਲ ਵੇਖਣ ਨੂੰ ਮਿਲ ਰਿਹਾ ਹੈ।
ਅਮਰੀਕੀ ਸੰਸਥਾ ਸੀ ਡੀ ਸੀ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ ਅਮਰੀਕਾ ਨੇ ਸ਼ੁੱਕਰਵਾਰ ਸਵੇਰ ਤੱਕ ਦੇਸ਼ ਭਰ ਵਿੱਚ ਕੋਰੋਨਾ ਵੈਕਸੀਨ ਦੀਆਂ ਤਕਰੀਬਨ 340,363,922 ਖੁਰਾਕਾਂ ਲਗਾਈਆਂ ਹਨ ਜਦਕਿ ਲੱਗਭਗ 393,929,955 ਖੁਰਾਕਾਂ ਵੰਡੀਆਂ ਗਈਆਂ ਹਨ। ਇਹ ਅੰਕੜੇ 22 ਜੁਲਾਈ ਤੱਕ ਦੇ ਜਾਰੀ ਅੰਕੜਿਆਂ ਨਾਲੋਂ ਵੱਧ ਦਰਜ ਕੀਤੇ ਗਏ ਹਨ। ਏਜੰਸੀ ਅਨੁਸਾਰ ਲੱਗੇ ਹੋਏ ਟੀਕਿਆਂ ਵਿੱਚ 187,579,557 ਲੋਕਾਂ ਨੂੰ ਘੱਟੋ ਘੱਟ ਪਹਿਲੀ ਖੁਰਾਕ ਮਿਲੀ ਹੈ ਜਦੋਂਕਿ 162,435,276 ਲੋਕਾਂ ਨੂੰ ਸ਼ੁੱਕਰਵਾਰ ਤੱਕ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।
ਇਸਦੇ ਇਲਾਵਾ ਦਿੱਤੀਆਂ ਖੁਰਾਕਾਂ ਵਿੱਚ ਸੀ ਡੀ ਸੀ ਅਨੁਸਾਰ ਮੋਡਰਨਾ ਅਤੇ ਫਾਈਜ਼ਰ / ਬਾਇਓਨਟੈਕ ਦੇ ਨਾਲ ਨਾਲ ਜੌਹਨਸਨ ਐਂਡ ਜੌਹਨਸਨ ਦੀ ਸਿੰਗਲ ਸ਼ਾਟ ਵੈਕਸੀਨ ਵੀ ਸ਼ਾਮਲ ਹੈ।