ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਖੂਨੀ ਤਕਰਾਰ, ਸਰਪੰਚ ਤੇ ਪ੍ਰਬੰਧਕ ਨੇ ਇੱਕ ਦੂਜੇ ‘ਤੇ ਕੀਤੀ ਫਾਇਰਿੰਗ, ਦੋਵਾਂ ਦੀ ਮੌਤ

TeamGlobalPunjab
2 Min Read

ਗੁਰਦਾਸਪੁਰ : ਡੇਰਾ ਬਾਬਾ ਨਾਨਕ ਵਿੱਚ ਗੋਲੀਆਂ ਚੱਲਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਕਾਂਗਰਸ ਪਾਰਟੀ ਦੀਆਂ ਹੀ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਜਿਸ ਨੇ ਖੂਨੀ ਰੂਪ ਧਾਰ ਲਿਆ। ਇਹ ਘਟਨਾ ਪਿੰਡ ਮਛਰਾਲਾ ਦੀ ਹੈ। ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਰਪੰਚ ਮਨਜੀਤ ਸਿੰਘ ਤੇ ਪਿੰਡ ਵੱਲੋਂ ਕਾਰਜਾਂ ਦੀ ਦੇਖਰੇਖ ਲਈ ਲਾਏ ਪ੍ਰਬੰਧ ਹਰਦਿਆਲ ਸਿੰਘ ਆਪਸ ਵਿੱਚ ਭਿੜ ਗਏ। ਇਸ ਦੌਰਾਨ ਦੋਵਾਂ ਨੇ ਇੱਕ ਦੂਜੇ ਵੱਲ ਬੰਦੂਕਾਂ ਤਾਣ ਲਈਆਂ। ਦੋਵਾਂ ਵੱਲੋਂ ਗੁੱਸੇ ਵਿੱਚ ਇੱਕ ਦੂਜੇ ਵੱਲ ਫਾਇਰਿੰਗ ਕੀਤੀ ਗਈ ਜਿਸ ਕਾਰਨ ਦੋਵਾਂ ਦੀ ਹੀ ਮੌਤ ਹੋ ਗਈ।

ਦਰਅਸਲ ਪਿੰਡ ਦੇ ਸ਼ਮਸ਼ਾਨਘਾਟ ਨੂੰ ਲੈ ਕੇ ਸਰਪੰਚ ਮਨਜੀਤ ਸਿੰਘ ਤੇ ਪ੍ਰਬੰਧਕ ਹਰਦਿਆਲ ਵਿਚਾਲੇ ਬਹਿਸ ਸ਼ੁਰੂ ਹੋ ਗਈ। ਹਲਾਂਕਿ ਮੌਕੇ ‘ਤੇ ਮੌਜੂਦ ਲੋਕਾਂ ਨੇ ਲੜਾਈ ਨੂੰ ਛੱਡਵਾਉਣ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਇਸ ਵਿਚਾਲੇ ਮਨਜੀਤ ਸਿੰਘ ਤੇ ਹਰਦਿਆਲ ਨੇ ਇੱਕ ਦੂਜੇ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ। ਗੰਭੀਰ ਜ਼ਖਮੀ ਹੋਏ ਦੋਵਾਂ ਨੌਜਵਾਨਾਂ ਨੂੰ ਪਹਿਲਾਂ ਸਥਾਨਕ ਹਸਪਤਾਲ ਭੇਜਿਆ ਗਿਆ। ਜਿੱਥੋਂ ਡਾਕਟਰਾਂ ਨੇ ਇਹਨਾਂ ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਅੰਮ੍ਰਿਤਸਰ ਹਸਪਤਾਲ ਦੌਰਾਨ ਮਨਜੀਤ ਸਿੰਘ ਤੇ ਹਰਦਿਆਨ ਸਿੰਘ ਦੀ ਮੌਤ ਹੋ ਗਈ। ਸਰਪੰਚ ਮਨਜੀਤ ਸਿੰਘ ਦੀ ਉਮਰ 40 ਸਾਲ ਸੀ ਅਤੇ ਪ੍ਰਬੰਧਕ ਹਰਦਿਆਲ ਸਿੰਘ 42 ਸਾਲ ਦੀ ਉਮਰ ਵਿੱਚ ਦਮ ਤੋੜ ਗਏ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ। ਫਿਲਹਾਲ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

Share this Article
Leave a comment