ਨਿਊਜ਼ ਡੈਸਕ: ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਅਫਗਾਨਿਸਤਾਨ ਵਿੱਚ ਔਰਤਾਂ ਦੀ ਯੂਨੀਵਰਸਿਟੀ ਪੱਧਰ ਦੀ ਸਿੱਖਿਆ ‘ਤੇ ਪਾਬੰਦੀ ਲਗਾਉਣ ਦੇ ਤਾਲਿਬਾਨ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਚੇਤਾਨੀ ਦਿੱਤੀ ਹੈ ਕਿ ਕੱਟੜਪੰਥੀ ਇਸਲਾਮੀ ਸ਼ਾਸਨ ਨੂੰ “ਨਤੀਜੇ” ਭੁਗਤਣੇ ਪੈਣਗੇ। ਦਸਣਯੋਗ ਹੈ ਕਿ ਤਾਲਿਬਾਨ ਸਰਕਾਰ ਨੇ ਔਰਤਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ‘ਤੇ ਸ਼ਿਕੰਜਾ ਕੱਸਦੇ ਹੋਏ ਮੰਗਲਵਾਰ ਨੂੰ ਇਕ ਨਵੇਂ ਫਰਮਾਨ ‘ਚ ਕਿਹਾ ਕਿ ਅਫਗਾਨਿਸਤਾਨ ਦੀਆਂ ਪ੍ਰਾਈਵੇਟ ਅਤੇ ਪਬਲਿਕ ਯੂਨੀਵਰਸਿਟੀਆਂ ‘ਚ ਵਿਦਿਆਰਥਣਾਂ ‘ਤੇ ਅਗਲੇ ਨੋਟਿਸ ਤੱਕ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ।
ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ.ਐੱਸ.ਸੀ.) ਦੀ ਬੁਲਾਰਾ ਐਡਰਿਏਨ ਵਾਟਸਨ ਨੇ ਮੰਗਲਵਾਰ ਨੂੰ ਕਿਹਾ, “ਅਮਰੀਕਾ ਅਫਗਾਨ ਔਰਤਾਂ ਨੂੰ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਪ੍ਰਾਪਤ ਕਰਨ ਤੋਂ ਰੋਕਣ ਦੇ ਤਾਲਿਬਾਨ ਦੇ ਫੈਸਲੇ ਦੀ ਨਿੰਦਾ ਕਰਦਾ ਹੈ।” ਉਨ੍ਹਾਂ ਕਿਹਾ ਕਿ , “ਇਹ ਇੱਕ ਨਿੰਦਣਯੋਗ ਫੈਸਲਾ ਹੈ ਅਤੇ ਅਫਗਾਨਿਸਤਾਨ ਵਿੱਚ ਔਰਤਾਂ ਅਤੇ ਕੁੜੀਆਂ ‘ਤੇ ਵਾਧੂ ਪਾਬੰਦੀਆਂ ਲਗਾਉਣ ਅਤੇ ਉਨ੍ਹਾਂ ਨੂੰ ਆਪਣੇ ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਆਜ਼ਾਦੀਆਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਤਾਲਿਬਾਨ ਲੀਡਰਸ਼ਿਪ ਦੀ ਤਾਜ਼ਾ ਕੋਸ਼ਿਸ਼ ਹੈ।”
ਇਹ ਪਾਬੰਦੀ ਦੇਸ਼ ਭਰ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ ਦੇ ਯੂਨੀਵਰਸਿਟੀ ਦਾਖ਼ਲਾ ਇਮਤਿਹਾਨਾਂ ਵਿੱਚ ਸ਼ਾਮਲ ਹੋਣ ਤੋਂ ਤਕਰੀਬਨ ਤਿੰਨ ਮਹੀਨੇ ਬਾਅਦ ਆਈ ਹੈ। ਬਲਿੰਕਨ ਨੇ ਚੇਤਾਵਨੀ ਦਿੱਤੀ ਕਿ , “ਸਿੱਖਿਆ ਮਨੁੱਖੀ ਅਧਿਕਾਰ ਹੈ। ਇਹ ਅਫਗਾਨਿਸਤਾਨ ਦੇ ਆਰਥਿਕ ਵਿਕਾਸ ਅਤੇ ਇਸਦੀ ਸਥਿਰਤਾ ਲਈ ਵੀ ਜ਼ਰੂਰੀ ਹੈ।ਤਾਲਿਬਾਨ ਉਦੋਂ ਤੱਕ ਅੰਤਰਰਾਸ਼ਟਰੀ ਭਾਈਚਾਰੇ ਦਾ ਜਾਇਜ਼ ਮੈਂਬਰ ਬਣਨ ਦੀ ਉਮੀਦ ਨਹੀਂ ਕਰ ਸਕਦਾ ਜਦੋਂ ਤੱਕ ਉਹ ਅਫਗਾਨਿਸਤਾਨ ਵਿੱਚ ਹਰ ਕਿਸੇ ਦੇ ਅਧਿਕਾਰਾਂ ਦਾ ਸਨਮਾਨ ਨਹੀਂ ਕਰਦਾ। ਤਾਲਿਬਾਨ ਨੂੰ ਇਸ ਫੈਸਲੇ ਦੇ ਨਤੀਜੇ ਭੁਗਤਣੇ ਪੈਣਗੇ।”
ਬਲਿੰਕਨ ਨੇ ਕਿਹਾ, ”ਦੁਨੀਆ ਦਾ ਕੋਈ ਵੀ ਦੇਸ਼ ਔਰਤਾਂ ਅਤੇ ਕੁੜੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਤੋਂ ਨਹੀਂ ਰੋਕਦਾ।” ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਨੂੰ ਪਹਿਲਾਂ ਹੀ ਹਰ ਸਾਲ ਇਕ ਅਰਬ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਉਭਰਨ ਲਈ ਔਰਤਾਂ ਆਪਣਾ ਯੋਗਦਾਨ ਪਾ ਸਕਦੀਆਂ ਹਨ। ਕੋਈ ਵੀ ਦੇਸ਼ ਉਦੋਂ ਤੱਕ ਤਰੱਕੀ ਨਹੀਂ ਕਰ ਸਕਦਾ ਜਦੋਂ ਤੱਕ ਉਸ ਦੀ ਅੱਧੀ ਆਬਾਦੀ ਨੂੰ ਤਰੱਕੀ ਤੋਂ ਰੋਕਿਆ ਨਹੀਂ ਜਾਂਦਾ। ਬਲਿੰਕੇਨ ਨੇ ਕਿਹਾ, “ਤਾਲਿਬਾਨ ਦੇ ਨਵੇਂ ਫਰਮਾਨ ਦਾ ਮਤਲਬ ਹੈ ਕਿ ਔਰਤਾਂ ਅਤੇ ਕੁੜੀਆਂ ਨੂੰ ਆਪਣੇ ਪਰਿਵਾਰ ਚਲਾਉਣ ਅਤੇ ਰੁਜ਼ਗਾਰ ਲੱਭਣ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
- Advertisement -
ਉਨ੍ਹਾਂ ਨੇ ਇਕ ਬਿਆਨ ‘ਚ ਕਿਹਾ, ”ਅਮਰੀਕਾ ਇਸ ਮੁੱਦੇ ‘ਤੇ ਸਾਡੇ ਭਾਈਵਾਲਾਂ ਅਤੇ ਸਹਿਯੋਗੀਆਂ ਨਾਲ ਨਜ਼ਦੀਕੀ ਸੰਪਰਕ ‘ਚ ਹੈ। ਅਸੀਂ ਅਫਗਾਨਿਸਤਾਨ ਦੀਆਂ ਔਰਤਾਂ ਅਤੇ ਲੜਕੀਆਂ ਦੀ ਸਹਾਇਤਾ ਲਈ ਕਦਮ ਚੁੱਕਦੇ ਰਹਾਂਗੇ ਅਤੇ ਅਫਗਾਨਿਸਤਾਨ ਦੇ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਆਪਣੇ ਸਾਂਝੇ ਯਤਨਾਂ ਨੂੰ ਅੱਗੇ ਵਧਾਵਾਂਗੇ।”