ਮਿਸੀਸਾਗਾ : ਕੈਨੇਡਾ ਦੇ ਪੀਲ ਰੀਜਨ ਪੁਲਿਸ ਵੱਲੋਂ ਕਾਰ ਖੋਹਣ ਦੇ ਮਾਮਲੇ ‘ਚ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ 22 ਸਾਲਾ ਰਮਨਪ੍ਰੀਤ ਸਿੰਘ ਅਤੇ 29 ਸਾਲਾ ਹਰਮਨਦੀਪ ਸਿੰਘ ਵਜੋਂ ਕੀਤੀ ਗਈ ਹੈ। ਪੀਲ ਰੀਜਨਲ ਪੁਲਿਸ ਮੁਤਾਬਕ ਇਹ ਵਾਰਦਾਤ ਮਿਸੀਸਾਗਾ ਦੇ ਪੈਸੇਫ਼ਿਕ ਗੇਟ ਅਤੇ ਟੋਮਕਨ ਰੋਡ ਇਲਾਕੇ ‘ਚ 21 ਮਈ ਨੂੰ ਵਾਪਰੀ ਸੀ।
ਪੁਲਿਸ ਮੁਤਾਬਕ ਦੋਵੇਂ ਨੌਜਵਾਨ ਕਾਰ ‘ਚ ਸਵਾਰ ਔਰਤ ਕੋਲ ਗਏ ਅਤੇ ਜ਼ਬਰਦਸਤੀ ਬਾਰੀ ਖੋਲ੍ਹ ਕੇ ਉਸ ਨੂੰ ਬਾਹਰ ਖਿੱਚ ਲਿਆ। ਇਸ ਤੋਂ ਇਲਾਵਾ ਦੋਵਾਂ ਨੇ ਔਰਤ ਦੀ ਕੁੱਟਮਾਰ ਵੀ ਕੀਤੀ ਅਤੇ ਉਸ ਨੂੰ ਜ਼ਮੀਨ ‘ਤੇ ਸੁੱਟ ਕੇ ਗੱਡੀ ਲੈ ਕੇ ਫ਼ਰਾਰ ਹੋ ਗਏ। ਮਿਸੀਸਾਗਾ ਦੀ 59 ਸਾਲਾ ਔਰਤ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਲਿਜਾਇਆ ਗਿਆ ਅਤੇ ਸੈਂਟਰਲ ਰੌਬਰੀ ਬਿਊਰੋ ਦੇ ਜਾਂਚਕਰਤਾਵਾਂ ਵੱਲੋਂ ਸ਼ੱਕੀਆਂ ਦੀ ਭਾਲ ਸ਼ੁਰੂ ਕੀਤੀ ਗਈ।
Two Men Charged in a Carjacking – https://t.co/Dx5w2tRuSy
— Peel Regional Police (@PeelPolice) May 26, 2021
ਪੁਲਿਸ ਨੇ ਦੋਵੇਂ ਨੌਜਵਾਨਾਂ ਨੂੰ ਹੁਰਓਨਟਾਰੀਓ ਸਟ੍ਰੀਟ ਤੇ ਐਗਲਿੰਟਨ ਐਵੇਨਿਊ ‘ਚ ਚੋਰੀ ਦੀ ਗੱਡੀ ਸਣੇ ਗ੍ਰਿਫਤਾਰ ਕਰ ਲਿਆ । ਪੁਲਿਸ ਵਲੋਂ ਰਮਨਪ੍ਰੀਤ ਸਿੰਘ ਖਿਲਾਫ ਲੁੱਟ ਖੋਹ ਕਰਨ ਅਤੇ ਆਪਣੀ ਪਛਾਣ ਲੁਕਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਇਲਾਵਾ ਹਰਮਨਦੀਪ ਸਿੰਘ ਵਿਰੁੱਧ ਲੁੱਟ ਖੋਹ ਤੋਂ ਇਲਾਵਾ ਪਾਬੰਦੀਸ਼ੁਦਾ ਪਦਾਰਥ ਰੱਖਣ ਦਾ ਦੋਸ਼ ਵੀ ਲਾਇਆ ਗਿਆ ਹੈ। ਉੱਥੇ ਹੀ ਰਮਨਪ੍ਰੀਤ ਸਿੰਘ ਵਿਰੁੱਧ 10 ਅਪ੍ਰੈਲ ਨੂੰ ਅਗਵਾ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ।
ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਦੀ ਕੋਈ ਵੀਡੀਓ ਜਾਂ ਹੋਰ ਜਾਣਕਾਰੀ ਹੋਵੇ 905-4532121 ਐਕਸਟੈਨਸ਼ਨ 3410 ‘ਤੇ ਸੰਪਰਕ ਕੀਤਾ ਜਾਵੇ।