ਅਹਿਮਦਾਬਾਦ: ਕੈਨੇਡਾ-ਅਮਰੀਕਾ ਸਰਹੱਦ ‘ਤੇ ਬੀਤੇ ਸਾਲ ਭਾਰਤੀ ਪਰਿਵਾਰ ਦੀ ਮੌਤ ਦੇ ਮਾਮਲੇ ਵਿੱਚ ਅਹਿਮਦਾਬਾਦ ਕਰਾਈਮ ਬਰਾਂਚ ਨੇ ਲਗਭਗ 1 ਸਾਲ ਬਾਅਦ ਐਫਆਈਆਰ ਦਰਜ ਕਰਦਿਆਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। 19 ਜਨਵਰੀ 2022 ਨੂੰ ਗੁਜਰਾਤ ਨਾਲ ਸਬੰਧਤ ਪਟੇਲ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ ਸਨ। ਉਨ੍ਹਾਂ ਦੀ ਮੌਤ ਦੇ ਮਾਮਲੇ ‘ਚ 2 ਵੀਜ਼ਾ ਏਜੰਟਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਮੁਲਜ਼ਮ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਲਈ ਪ੍ਰਤੀ ਵਿਅਕਤੀ 60 ਤੋਂ 65 ਲੱਖ ਰੁਪਏ ਲੈਂਦੇ ਸੀ।
ਅਹਿਮਦਾਬਾਦ ਕਰਾਈਮ ਬਰਾਂਚ ਦੇ ਸੀਨੀਅਰ ਅਧਿਕਾਰੀ ਚੇਤਨਿਆ ਮਾਂਡਲਿਕ ਨੇ ਦੱਸਿਆ ਕਿ ਗਾਂਧੀਨਗਰ ਦੇ ਲਿੰਗੁਚਾ ਪਿੰਡ ਦੇ ਵਾਸੀ 39 ਸਾਲਾ ਜਗਦੀਸ਼ ਕੁਮਾਰ ਪਟੇਲ, ਉਸ ਦੀ ਪਤਨੀ 37 ਸਾਲਾ ਵੈਸ਼ਾਲੀ, ਉਨ੍ਹਾਂ ਦੇ ਬੱਚੇ 11 ਸਾਲ ਦੀ ਵਿਹਾਂਗੀ ਅਤੇ 3 ਸਾਲਾ ਬੱਚੇ ਧਾਰਮਿਕ ਪਟੇਲ ਦੀ ਗੈਰਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ਵਿੱਚ ਦਾਖ਼ਲ ਹੁੰਦਿਆਂ ਮੌਤ ਹੋ ਗਈ ਸੀ। ਇਹ ਘਟਨਾ 19 ਜਨਵਰੀ 2022 ਨੂੰ ਵਾਪਰੀ ਸੀ। ਜਾਂਚ ਵਿੱਚ ਇਹ ਮਨੁੱਖੀ ਤਸਕਰੀ ਦਾ ਮਾਮਲਾ ਹੋਣ ਦੀ ਗੱਲ ਸਾਹਮਣੇ ਆਈ। ਇਸ ਮਾਮਲੇ ਵਿੱਚ ਪੁਲਿਸ ਕਮਿਸ਼ਨਰ ਦੇ ਹੁਕਮ ‘ਤੇ ਕੀਤੀ ਗਈ ਜਾਂਚ ਅਤੇ ਗਾਂਧੀ ਨਗਰ ਸੀਆਈਡੀ ਕਰਾਈਮ ਬ੍ਰਾਂਚ ਦੀ ਜਾਂਚ ਦੇ ਆਧਾਰ ‘ਤੇ ਸਾਹਮਣੇ ਆਏ ਤੱਥਾਂ ਦੇ ਤਹਿਤ ਇੱਕ ਐਫ਼ਆਈਆਰ ਦਰਜ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਜਿਹੜੇ ਦੋ ਵੀਜ਼ਾ ਏਜੰਟ ਗ੍ਰਿਫ਼ਤਾਰ ਕੀਤੇ ਗਏ, ਉਨ੍ਹਾਂ ਦੀ ਪਛਾਣ ਭਾਵੇਸ਼ ਪਟੇਲ ਅਤੇ ਯੋਗਸ਼ ਪਟੇਲ ਦੇ ਰੂਪ ਵਿੱਚ ਹੋਈ। ਭਾਵੇਸ਼ ਪਟੇਲ ਗਾਂਧੀਨਗਰ, ਜਦਕਿ ਯੋਗੇਸ਼ ਅਹਿਮਦਾਬਾਦ ਦਾ ਵਾਸੀ ਹੈ। ਇਨ੍ਹਾਂ ਲੋਕਾਂ ਨੇ ਡਿਗੂਚਾ ਦੇ ਪਟੇਲ ਪਰਿਵਾਰ ਦੇ ਮੈਂਬਰਾਂ ਸਣੇ ਹੋਰ ਕਈ ਲੋਕਾਂ ਨੂੰ ਮਾਈਨਸ 35 ਡਿਗਰੀ ਤਾਪਮਾਨ ਹੋਣ ਦੇ ਬਾਵਜੂਦ ਕੈਨੇਡਾ ਦੀ ਸਰਹੱਦ ਪਾਰ ਕਰਕੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਟੇਲ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਚਲੀ ਗਈ।
ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਮੁਲਜ਼ਮਾਂ ਨੇ ਅਹਿਮਦਾਬਾਦ ਤੇ ਹੋਰ ਥਾਵਾਂ ‘ਤੇ ਵੀਜ਼ਾ ਕੰਸਲਟੈਂਸੀ ਤੇ ਟੂਰ ਅਤੇ ਟਰੈਵਲਜ਼ ਦਾ ਦਫ਼ਤਰ ਖੋਲ੍ਹਿਆ ਹੋਇਆ ਹੈ। ਇਹ ਅਜਿਹੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ, ਜਿਹੜੇ ਅਮਰੀਕਾ ਜਾਣ ਦੀ ਇੱਛਾ ਰੱਖਦੇ ਹਨ। ਉੱਥੇ ਇਨ੍ਹਾਂ ਲੋਕਾਂ ਨੂੰ ਦੱਸੇ ਬਿਨਾ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਅਤੇ ਮੈਕਸਿਕ ਦੀ ਸਰਹੱਦ ਪਾਰ ਕਰਵਾਈ ਜਾਂਦੀ ਹੈ, ਜਿਸ ਵਿੱਚ ਉੱਥੇ ਹੋਰ ਏਜੰਟ ਵੀ ਇਨ੍ਹਾਂ ਦਾ ਸਾਥ ਦਿੰਦੇ ਨੇ। ਪ੍ਰਤੀ ਵਿਅਕਤੀ 60 ਤੋਂ 65 ਲੱਖ ਰੁਪਏ ਲੈ ਕੇ ਇਹ ਇਨ੍ਹਾਂ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਲਿਜਾਂਦੇ ਹਨ। ਇਸ ਮਾਮਲੇ ਵਿੱਚ ਦੋ ਵਿਦੇਸ਼ੀ ਏਜੰਟ ਫਰਾਰ ਹਨ।