ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਅਕਾਲ ਤਖਤ ਸਾਹਿਬ ਦੇ ਤਤਕਾਲੀ ਜਥੇਦਾਰ ਭਾਈ ਗੁਰਦੇਵ ਸਿੰਘ ਕਾਂਉਕੇ ਦੀ ਤਿੰਨ ਦਹਾਕੇ ਪਹਿਲਾਂ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਦਾ ਸੱਚ ਅੱਜ ਤੱਕ ਸਾਹਮਣੇ ਨਹੀਂ ਆਇਆ। ਇਸ ਮਾਮਲੇ ਦੀ ਇੱਕ ਪੁਲੀਸ ਅਧਿਕਾਰੀ ਵਲੋਂ ਕੀਤੀ ਜਾਂਚ ਰਿਪੋਰਟ ਉੱਪਰ ਵੀ ਕੋਈ ਕਾਰਵਾਈ ਨਹੀਂ ਹੋਈ। ਪੁਲ਼ੀਸ ਅਧਿਕਾਰੀ ਏ.ਡੀ.ਜੀ.ਪੀ.ਬੀ.ਪੀ ਤਿਵਾੜੀ ਨੇ 1999 ਵਿਚ ਜਾਂਚ ਕਰਕੇ ਉਸ ਵੇਲੇ ਦੀ ਸਰਕਾਰ ਨੂੰ ਰਿਪੋਰਟ ਸੌਂਪੀ ਸੀ ਪਰ ਇਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ ਸੀ।
ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਵੇਰਕਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਦੇ ਕੇ ਬੇਨਤੀ ਕੀਤੀ ਹੈ ਕਿ ਜਥੇਦਾਰ ਕਾਂਉਕੇ ਦੀ ਤਿੰਨ ਦਹਾਕੇ ਪਹਿਲਾਂ ਪੁਲੀਸ ਹਿਰਾਸਤ ਵਿੱਚ ਹੋਈ ਮੌਤ ਦੇ ਦੋਸ਼ੀਆਂ ਨੂੰ ਸਜਾ ਦੁਆਉਣ ਲਈ ਕਾਰਵਾਈ ਕੀਤੀ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਸਿੱਖੀ ਸਿਧਾਂਤਾਂ ਅਨੁਸਾਰ ਸੱਚ ਸਾਹਮਣੇ ਲਿਆਂਦਾ ਜਾਵੇ। ਜਥੇਬੰਦੀ ਨੇ ਆਪਣੇ ਪੱਤਰ ਨਾਲ ਪੁਲੀਸ ਅਧਿਕਾਰੀ ਦੀ ਜਾਂਚ ਰਿਪੋਰਟ ਅਤੇ ਜਸਟਿਸ ਅਜੀਤ ਸਿੰਘ ਵਲੋਂ ਕੀਤੀ ਜਾਂਚ ਰਿਪੋਰਟ ਵੀ ਨਾਲ ਲਾਈ ਹੈ। ਭਾਈ ਕਾਂਉਕੇ ਨੂੰ ਸਰਬਤ ਖਾਲਸਾ ਨੇ ਕਾਰਜਕਾਰੀ ਜਥੇਦਾਰ ਲਾਇਆ ਸੀ ਕਿਉਂ ਜੋ ਅਕਾਲ ਤਖਤ ਦੇ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਉਸ ਵੇਲੇ ਜੇਲ੍ਹ ਵਿੱਚ ਸਨ।
ਪੱਤਰ ਦੀ ਕਾਪੀ ਮੀਡੀਆ ਨੂੰ ਕੀਤੀ ਜਾਰੀ ਅਨੁਸਾਰ ਦਸੰਬਰ 1992 ਵਿਚ ਜਗਰਾਂਉ ਦੇ ਥਾਣੇਦਾਰ ਦੀ ਅਗਵਾਈ ਹੇਠ ਆਈ ਪੁਲੀਸ ਪਾਰਟੀ ਨੇ ਪਿੰਡ ਦੇ ਲੋਕਾਂ ਸਾਹਮਣੇ ਭਾਈ ਕਾਂਉਕੇ ਨੂੰ ਹਿਰਾਸਤ ਵਿਚ ਲਿਆ ਸੀ। ਉਸ ਬਾਅਦ ਉਨਾਂ ਨੂੰ ਜਗਰਾਂਉ ਸੀ ਆਈ ਏ ਸਟਾਫ ਵਿੱਚ ਰੱਖਿਆ ਗਿਆ। ਕੁਝ ਦਿਨ ਬਾਅਦ ਉਨਾਂ ਨੂੰ ਛੱਡ ਦਿੱਤਾ। ਮੁੜਕੇ ਪਿੰਡ ਦੇ ਹੀ ਇਕ ਕਤਲ ਕੇਸ ਵਿੱਚ ਮੁੜ ਗ੍ਰਿਫਤਾਰ ਕਰ ਲਿਆ। ਰਿਪੋਰਟ ਅਨੁਸਾਰ ਪੁਲੀਸ ਨੇ ਹਥਿਆਰ ਬ੍ਰਾਮਦ ਕਰਨ ਦੀ ਇਕ ਕਹਾਣੀ ਘੜੀ । ਇਹ ਕਿਹਾ ਗਿਆ ਕਿ ਭਾਈ ਕਾਂਉਕੇ ਪੁਲੀਸ ਹਿਰਾਸਤ ਵਿਚੋਂ ਦੌੜ ਗਏ ਹਨ। ਮੀਡੀਆ ਦੀ ਰਿਪੋਰਟ ਅਨੁਸਾਰ ਖਦਸ਼ਾ ਹੈ ਕਿ ਭਾਈ ਕਾਂਉਕੇ ਪੁਲੀਸ ਹਿਰਾਸਤ ਵਿੱਚ ਮਾਰੇ ਗਏ ਹਨ। ਇਸ ਮਾਮਲੇ ਦੀ ਪੂਰੀ ਸਚਾਈ ਮੁਕੰਮਲ ਜਾਂਚ ਨਾਲ ਸਾਹਮਣੇ ਲਿਆਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਮੰਗ ਕੀਤੀ ਗਈ ਹੈ।
ਸੰਪਰਕਃ 9814002186