CM ਮਾਨ  ਵੱਲੋਂ ਨਾਇਬ ਤਹਿਸੀਲਦਾਰ ਨੂੰ ਬਹਾਲ ਕਰਨ ਦੇ ਹੁਕਮ

Rajneet Kaur
3 Min Read

ਮੁਹਾਲੀ : ਪੰਜਾਬ ਦੀਆਂ ਤਹਿਸੀਲਾਂ ਵਿਚ ਹੜਤਾਲ ’ਤੇ ਜਾਣ ਦਾ ਫੈਸਲਾ ਅੱਜ ਮਾਲ ਅਧਿਕਾਰੀਆਂ ਨੇ ਵਾਪਿਸ ਲੈ ਲਿਆ ਹੈ। ਉਨ੍ਹਾਂ ਨੇ ਸਕੱਤਰੇਤ ਵਿਖੇ ਵਿੱਤ ਕਮਿਸ਼ਨਰ ਕੇ.ਏ.ਪੀ. ਸਿਨਹਾ ਨਾਲ ਗੱਲਬਾਤ ਕਰਕੇ ਮੁੱਖ ਮੰਤਰੀ ਦੇ ਹੁਕਮਾਂ ‘ਤੇ ਹੜਤਾਲ ਖਤਮ ਕਰਨ ਦਾ ਫੈਸਲਾ ਕੀਤਾ ਹੈ। CM ਮਾਨ  ਨੇ ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਦੀ ਜਾਂਚ ਪੈਂਡਿੰਗ ਪਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਮਾਲ ਅਫਸਰਾਂ ਦੀ ਜਥੇਬੰਦੀ ਦੇ ਪ੍ਰਧਾਨ ਗੁਰਦੇਵ ਸਿੰਘ ਧਮਾਣਾ ਨੇ  ਜਾਣਕਾਰੀ ਦਿਤੀ ਕਿ ਅੱਜ ਸਮੂਹ ਮਾਲ ਅਫਸਰਾਂ ਵਲੋਂ ਸਮੂਹਿਕ ਛੁੱਟੀ ਲੈ ਕੇ ਕੀਤੀ ਗਈ ਹੜਤਾਲ ਵਿੱਤ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਵਾਪਸ ਲੈ ਲਈ ਗਈ ਹੈ। ਮੁੱਖ ਮੰਤਰੀ ਨੇ ਨਾਇਬ ਤਹਿਸੀਲਦਾਰ ਨੂੰ ਬਹਾਲ ਕਰਨ ਦੇ ਹੁਕਮ ਵੀ ਦਿਤੇ ਹਨ।ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮਾ ਨੇ ਦਸਿਆ ਕਿ ਉਨ੍ਹਾਂ ਦੀ ਵਿੱਤ ਕਮਿਸ਼ਨਰ ਕੇਏਪੀ ਸਿਨਹਾ ਨਾਲ ਅੱਧਾ ਘੰਟਾ ਮੀਟਿੰਗ ਹੋਈ। ਮੀਟਿੰਗ ਵਿਚ ਪਰਸੋਨਲ ਵਿਭਾਗ ਦੇ ਅਧਿਕਾਰੀ ਕੁਮਾਰ ਰਾਹੁਲ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਵਿੱਤ ਕਮਿਸ਼ਨਰ ਨੇ ਭਰੋਸਾ ਦਿਤਾ ਹੈ ਕਿ ਉਹ ਬੁੱਧਵਾਰ ਤੱਕ ਪੂਰੇ ਮਾਮਲੇ ਦੀ ਜਾਂਚ ਮੁਕੰਮਲ ਕਰ ਲੈਣਗੇ।

ਦਸ ਦਈਏ ਕਿ  ਇਹ ਫੈਸਲਾ ਮਾਲ ਅਫ਼ਸਰ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਦੀ ਮੁਅੱਤਲੀ ਦੇ ਵਿਰੋਧ ਵਿਚ ਲਿਆ ਗਿਆ। ਐਸੋਸੀਏਸ਼ਨ ਨੇ ਮੰਗ ਕੀਤੀ ਸੀ ਕਿ ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਬਹਾਲ ਕੀਤਾ ਜਾਵੇ। ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਤਹਿਸੀਲ ਵਿੱਚ ਤਾਇਨਾਤ ਨਾਇਬ ਤਹਿਸੀਲਦਾਰ ਕੋਲ ਇੱਕ ਵਿਅਕਤੀ ਰਜਿਸਟਰੀ ਕਰਵਾਉਣ ਲਈ ਆਇਆ। ਪਰ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੇ ਦਸਤਾਵੇਜ਼ ਨਾ ਹੋਣ ਕਾਰਨ ਰਜਿਸਟਰੀ ਕਰਨ ਤੋਂ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਉਕਤ ਵਿਅਕਤੀ ਸੱਤਾਧਾਰੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮਾਸਟਰਖਾਨਾ ਕੋਲ ਸ਼ਿਕਾਇਤ ਕਰਨ ਗਏ।ਇਸ ’ਤੇ ਵਿਧਾਇਕ ਸੁਖਬੀਰ ਮਾਸਟਰਖਾਨਾ ਨੇ ਨਾਇਬ ਤਹਿਸੀਲਦਾਰ ਨੂੰ ਰਜਿਸਟਰੀ ਕਰਵਾਉਣ ਲਈ ਕਿਹਾ। ਪਰ ਨਾਇਬ ਤਹਿਸੀਲਦਾਰ ਨੇ ਕੋਈ ਵੀ ਗਲਤ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿਤਾ ਸੀ। ਇਸ ਤੋਂ ਬਾਅਦ ਵਿਧਾਇਕ ਦੇ ਇਸ਼ਾਰੇ ’ਤੇ ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment