ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ ਹੋਈ ਹੈ। ਟਰੰਪ ਦੇ ਗੋਲਫ ਕਲੱਬ ਦੇ ਉੱਪਰ ਇੱਕ ਜਹਾਜ਼ ਪਹੁੰਚਿਆ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ, ਅਮਰੀਕੀ ਲੜਾਕੂ ਜਹਾਜ਼ਾਂ ਨੇ ਐਤਵਾਰ ਨੂੰ ਨਿਊ ਜਰਸੀ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੋਲਫ ਕਲੱਬ ਨੇੜੇ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਇੱਕ ਜਹਾਜ਼ ਦੇਖਿਆ, ਜੋ ਏਅਰਸਪੇਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਰੋਕ ਲਿਆ ਗਿਆ।
ਉੱਤਰੀ ਅਮਰੀਕੀ ਏਰੋਸਪੇਸ ਡਿਫੈਂਸ ਕਮਾਂਡ (NORAD) ਦੇ ਬਿਆਨ ਅਨੁਸਾਰ, ਇਹ ਘਟਨਾ ਸਥਾਨਕ ਸਮੇਂ ਮੁਤਾਬਕ ਦੁਪਹਿਰ 12:50 ਵਜੇ ਵਾਪਰੀ। ਜਦੋਂ ਜਹਾਜ਼ ਗੋਲਫ ਕਲੱਬ ਦੇ ਉੱਪਰ ਪਹੁੰਚਿਆ, ਉਸ ਵੇਲੇ ਟਰੰਪ ਗੋਲਫ ਕਲੱਬ ਵਿੱਚ ਮੌਜੂਦ ਸਨ। ਇਸ ਤੋਂ ਬਾਅਦ ਕਈ ਅਮਰੀਕੀ ਲੜਾਕੂ ਜਹਾਜ਼ਾਂ ਨੇ ਜਹਾਜ਼ ਨੂੰ ਖਦੇੜਿਆ ਅਤੇ ਫਲੇਅਰਜ਼ ਸੁੱਟੇ। NOTAM ਜਾਰੀ ਹੋਣ ਦੇ ਬਾਵਜੂਦ ਇੱਕ ਸਿਵਿਲੀਅਨ ਜਹਾਜ਼ ਪਹੁੰਚ ਗਿਆ ਸੀ।
NORAD ਦੀ ਸਖ਼ਤ ਕਾਰਵਾਈ
ਜਦੋਂ ਵੀ ਰਾਸ਼ਟਰਪਤੀ ਮੌਜੂਦ ਹੁੰਦੇ ਹਨ, ਟਰੰਪ ਨੈਸ਼ਨਲ ਗੋਲਫ ਕਲੱਬ ਦੇ ਆਸਪਾਸ 30 ਸਮੁੰਦਰੀ ਮੀਲ ਦੇ ਘੇਰੇ ਵਿੱਚ ਹਵਾਈ ਖੇਤਰ ‘ਤੇ ਪਾਬੰਦੀ ਲਾਗੂ ਹੁੰਦੀ ਹੈ। ਜੇਕਰ ਕੋਈ ਉਲੰਘਣਾ ਹੁੰਦੀ ਹੈ, ਤਾਂ NORAD ਦੀ ਰੱਖਿਆ ਪ੍ਰਣਾਲੀ ਤੁਰੰਤ ਕਾਰਵਾਈ ਕਰਦੀ ਹੈ। ਐਤਵਾਰ ਨੂੰ ਵੀ ਅਜਿਹੀ ਕਾਰਵਾਈ ਕੀਤੀ ਗਈ ਅਤੇ ਜਹਾਜ਼ ਨੂੰ ਰੋਕਿਆ ਗਿਆ।
ਪਹਿਲਾਂ ਵੀ ਵਾਪਰੀ ਅਜਿਹੀ ਘਟਨਾ
ਇਹ ਦੂਜੀ ਵਾਰ ਹੈ ਜਦੋਂ ਅਜਿਹਾ ਵਾਪਰਿਆ। ਪਿਛਲੇ ਮਹੀਨੇ ਵੀ ਟਰੰਪ ਦੇ ਗੋਲਫ ਕਲੱਬ ਵਿੱਚ ਰਹਿੰਦੇ ਸਮੇਂ ਇੱਕ ਜਹਾਜ਼ ਦਾਖਲ ਹੋਇਆ ਸੀ। ਟਰੰਪ ਦੇ ਦੂਜੇ ਕਾਰਜਕਾਲ ਦੀ ਸਹੁੰ ਚੁੱਕਣ ਤੋਂ ਬਾਅਦ ਪਾਬੰਦੀਸ਼ੁਦਾ ਹਵਾਈ ਖੇਤਰ ਦੀ ਉਲੰਘਣਾ ਦੇ ਮਾਮਲੇ ਵਧੇ ਹਨ। ਜੁਲਾਈ ਵਿੱਚ, NORAD ਨੇ ਬੈਡਮਿੰਸਟਰ ਦੇ ਉੱਪਰ ਇੱਕੋ ਦਿਨ ਵਿੱਚ ਪੰਜ ਵੱਖ-ਵੱਖ ਜਹਾਜ਼ਾਂ ਨੂੰ ਰੋਕਿਆ ਸੀ। ਇਸੇ ਤਰ੍ਹਾਂ ਦੀ ਇੱਕ ਘਟਨਾ ਮਾਰਚ ਵਿੱਚ ਫਲੋਰੀਡਾ ਵਿਖੇ ਟਰੰਪ ਦੇ ਲਗਜ਼ਰੀ ਰਿਜ਼ੋਰਟ ਅਤੇ ਨਿਵਾਸ, ਮਾਰ-ਏ-ਲਾਗੋ ਦੇ ਨੇੜੇ ਵਾਪਰੀ ਸੀ।
ਇਨ੍ਹਾਂ ਮਾਮਲਿਆਂ ਤੋਂ ਬਾਅਦ ਅਮਰੀਕੀ ਹਵਾਈ ਸੈਨਾ ਨੇ ਸਿਵਿਲੀਅਨ ਪਾਇਲਟਾਂ ਨੂੰ ਸਾਰੀਆਂ ਉਡਾਣ ਪਾਬੰਦੀਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਹੈ। ਨਾਲ ਹੀ, ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਪਾਬੰਦੀਸ਼ੁਦਾ ਹਵਾਈ ਖੇਤਰ ਵਿੱਚ ਦਾਖਲ ਹੋਣ ‘ਤੇ ਰਾਸ਼ਟਰੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ।