ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੱਖਣੀ ਕੋਰੀਆ ਦੇ ਬੁਸਾਨ ਸ਼ਹਿਰ ਵਿੱਚ ਮੀਟਿੰਗ ਹੋਈ ਹੈ। ਇਹ ਮੁਲਾਕਾਤ ਅਮਰੀਕਾ-ਚੀਨ ਵਪਾਰ ਜੰਗ ਦੇ ਵਿਚਕਾਰ ਹੋ ਰਹੀ ਹੈ। ਮਹੀਨਿਆਂ ਤੋਂ ਚੱਲ ਰਹੀ ਵਪਾਰਕ ਉਥਲ-ਪੁਥਲ ਤੋਂ ਬਾਅਦ, ਦੁਨੀਆਂ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਨੂੰ ਸਥਿਰ ਕਰਨ ਦਾ ਇਹ ਵੱਡਾ ਮੌਕਾ ਹੈ। ਪੂਰੀ ਦੁਨੀਆਂ ਦੀਆਂ ਨਜ਼ਰਾਂ ਟਰੰਪ ਤੇ ਸ਼ੀ ਦੀ ਇਸ ਮੀਟਿੰਗ ‘ਤੇ ਟਿਕੀਆਂ ਹਨ।
ਟਰੰਪ ਨੇ ਸ਼ੀ ਜਿਨਪਿੰਗ ਬਾਰੇ ਕੀ ਬੋਲਿਆ?
ਬੁਸਾਨ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਸਾਡੀ ਮੀਟਿੰਗ ਬਹੁਤ ਸਫਲ ਹੋਵੇਗੀ। ਉਹ ਬਹੁਤ ਸਖ਼ਤ ਵਾਰਤਾਕਾਰ ਹਨ, ਜੋ ਚੰਗੀ ਗੱਲ ਨਹੀਂ। ਪਰ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਤੇ ਸਾਡਾ ਰਿਸ਼ਤਾ ਹਮੇਸ਼ਾ ਵਧੀਆ ਰਿਹਾ ਹੈ।”
ਮੀਟਿੰਗ ਵਿੱਚ ਟਰੰਪ ਨੇ ਕੀ ਕਿਹਾ?
ਡੋਨਲਡ ਟਰੰਪ ਨੇ ਮੁਲਾਕਾਤ ਵਿੱਚ ਕਿਹਾ, “ਮੇਰੇ ਲਈ ਵੱਡਾ ਸਨਮਾਨ ਹੈ ਕਿ ਮੈਂ ਆਪਣੇ ਪੁਰਾਣੇ ਦੋਸਤ ਨੂੰ ਲੰਬੇ ਸਮੇਂ ਬਾਅਦ ਮਿਲ ਰਿਹਾ ਹਾਂ। ਚੀਨ ਦੇ ਸਤਿਕਾਰਯੋਗ ਰਾਸ਼ਟਰਪਤੀ ਨਾਲ ਅਸੀਂ ਪਹਿਲਾਂ ਹੀ ਕਈ ਮੁੱਦਿਆਂ ‘ਤੇ ਸਹਿਮਤ ਹੋ ਚੁੱਕੇ ਹਾਂ ਤੇ ਹੋਰ ‘ਤੇ ਵੀ ਹੋ ਜਾਵਾਂਗੇ। ਰਾਸ਼ਟਰਪਤੀ ਸ਼ੀ ਇੱਕ ਮਹਾਨ ਦੇਸ਼ ਦੇ ਮਹਾਨ ਨੇਤਾ ਹਨ। ਲੰਬੇ ਸਮੇਂ ਲਈ ਸ਼ਾਨਦਾਰ ਸਬੰਧ ਰਹਿਣਗੇ। ਤੁਹਾਡਾ ਸਾਡੇ ਨਾਲ ਹੋਣਾ ਸਨਮਾਨ ਦੀ ਗੱਲ ਹੈ।”
ਸ਼ੀ ਜਿਨਪਿੰਗ ਨੇ ਕੀ ਜਵਾਬ ਦਿੱਤਾ?
ਟਰੰਪ ਨਾਲ ਮੁਲਾਕਾਤ ਵਿੱਚ ਸ਼ੀ ਜਿਨਪਿੰਗ ਨੇ ਕਿਹਾ, “ਰਾਸ਼ਟਰਪਤੀ ਟਰੰਪ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਕਈ ਸਾਲਾਂ ਬਾਅਦ ਤੁਹਾਨੂੰ ਦੁਬਾਰਾ ਦੇਖ ਕੇ ਖੁਸ਼ੀ ਹੋਈ। ਅਸੀਂ ਤਿੰਨ ਵਾਰ ਫ਼ੋਨ ‘ਤੇ ਗੱਲ ਕੀਤੀ, ਕਈ ਪੱਤਰ ਭੇਜੇ ਤੇ ਨੇੜਿਓਂ ਸੰਪਰਕ ਵਿੱਚ ਰਹੇ। ਸਾਡੇ ਸਾਂਝੇ ਯਤਨਾਂ ਨਾਲ ਚੀਨ-ਅਮਰੀਕਾ ਸਬੰਧ ਸਥਿਰ ਰਹੇ ਹਨ। ਸਾਡੀਆਂ ਰਾਸ਼ਟਰੀ ਸਥਿਤੀਆਂ ਵੱਖਰੀਆਂ ਹਨ, ਇਸ ਲਈ ਹਰ ਮੁੱਦੇ ‘ਤੇ ਸਹਿਮਤੀ ਨਹੀਂ ਹੁੰਦੀ। ਪਰ ਦੋ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਮਤਭੇਦ ਆਮ ਹਨ। ਮੈਂ ਕਈ ਵਾਰ ਕਿਹਾ ਹੈ – ਚੀਨ ਤੇ ਅਮਰੀਕਾ ਨੂੰ ਦੋਸਤ ਤੇ ਭਾਈਵਾਲ ਬਣਨਾ ਚਾਹੀਦਾ। ਇਤਿਹਾਸ ਨੇ ਸਾਨੂੰ ਇਹੀ ਸਿਖਾਇਆ ਹੈ।”

