ਇਰਾਨ ਦਾ ਕਬੂਲਨਾਮਾ, ਗਲਤੀ ਨਾਲ ਯਾਤਰੀ ਜਹਾਜ਼ ਨੂੰ ਬਣਾਇਆ ਗਿਆ ਸੀ ਨਿਸ਼ਾਨਾ

TeamGlobalPunjab
2 Min Read

ਇਰਾਨੀ ਫੌਜੀ ਸੈਨਾ ਨੇ ਯੂਕਰੇਨ ਬੋਇੰਗ-737 ਯਾਤਰੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਬੂਲ ਲਈ ਹੈ। ਸ਼ਨੀਵਾਰ ਨੂੰ ਇਰਾਨੀ ਦੀ ਫੌਜ ਨੇ ਸਥਾਨਕ ਮੀਡੀਆ ਨੂੰ ਇੱਕ ਬਿਆਨ ‘ਚ ਕਿਹਾ ਕਿ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਗਲਤੀ ਨਾਲ ਨਿਸ਼ਾਨਾ ਬਣਾਇਆ ਗਿਆ ਸੀ।

ਇਰਾਨ ਦੇ ਵਿਦੇਸ਼-ਮੰਤਰੀ ਜਾਵੇਦ ਜਰੀਫ ਨੇ ਕਿਹਾ ਕਿ ਉਨ੍ਹਾਂ ਦੀ ਸੈਨਾ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਯੂਕਰੇਨ ਦਾ ਜਹਾਜ਼ ਉਨ੍ਹਾਂ ਦੀ ਫੌਜ ਵੱਲੋਂ ਦਾਗੀ ਗਈ ਮਿਜ਼ਾਈਲ ਨਾਲ ਹੀ ਕਰੈਸ਼ ਹੋਇਆ ਹੈ। ਉਨ੍ਹਾਂ ਨੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੇਸ਼ਾਂ ਤੋਂ ਮਾਫੀ ਮੰਗੀ ਹੈ ਜਿਹੜੇ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ।

- Advertisement -

ਇਸ ਤੋਂ ਪਹਿਲਾਂ ਇਰਾਨ ਦੀ ਸਿਵਲ ਐਵੀਏਸ਼ਨ ਆਰਗਨਾਈਜ਼ੇਸ਼ਨ (ਸੀਏਓਆਈ) ਦੇ ਮੁੱਖੀ ਅਲੀ ਅਬੇਦਜ਼ਾਦੇਹ ਨੇ ਸ਼ੁੱਕਰਵਾਰ ਨੂੰ ਆਪਣੇ ਬਿਆਨ ‘ਚ ਕਿਹਾ ਸੀ ਕਿ ਯੂਕਰੇਨ ਦਾ ਯਾਤਰੀ ਜਹਾਜ਼ ਤਕਨੀਕੀ ਖਰਾਬੀ ਕਾਰਨ ਕਰੈਸ਼ ਹੋਇਆ ਸੀ।

ਦੱਸ ਦਈਏ ਕਿ ਬੀਤੀ 8 ਜਨਵਰੀ ਨੂੰ ਅਮਰੀਕਾ-ਈਰਾਨ ਦੇ ਤਣਾਅ ਦੇ ਚਲਦਿਆਂ ਯੂਕਰੇਨ ਦਾ ਯਾਤਰੀ ਜਹਾਜ਼ ਬੋਇੰਗ-737 ਇਰਾਨ ਦੀ ਰਾਜਧਾਨੀ ਤਹਿਰਾਨ ਦੇ ਦੱਖਣੀ-ਪੱਛਮੀ ਖੇਤਰ ਦੇ ਇਲਾਕੇ ‘ਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਜਿਸ ‘ਚ 176 ਲੋਕਾਂ ਦੀ ਮੌਤ ਹੋ ਗਈ ਸੀ।

ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਅਮਰੀਕਾ ਵੀ ਹਰਕਤ ‘ਚ ਆ ਗਿਆ ਸੀ। ਜਿਸ ਕਾਰਨ ਅਮਰੀਕਾ ਨੇ ਈਰਾਨ ਤੇ ਇਰਾਕ ਦੇ ਉਪਰੋਂ ਦੀ ਲੰਘਣ ਵਾਲੇ ਆਪਣੇ ਸਾਰੇ ਜਹਾਜ਼ਾਂ ‘ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਪਹਿਲਾਂ ਇਸ ਹਾਦਸੇ ‘ਤੇ ਆਸਟ੍ਰੇਲੀਆ, ਕੈਨੇਡਾ ਤੇ ਬ੍ਰਿਟੇਨ ਨੇ ਵੀ ਦਾਅਵਾ ਕੀਤਾ ਸੀ ਕਿ ਯੂਕਰੇਨ ਦਾ ਯਾਤਰੀ ਜਹਾਜ਼ ਬੋਇੰਗ-737 ਇਰਾਨ ਵੱਲੋਂ ਦਾਗੀ ਗਈ ਮਿਜ਼ਾਈਲ ਨਾਲ ਕਰੈਸ ਹੋਇਆ ਹੈ। ਜਿਸ ਦੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ।

Share this Article
Leave a comment