ਬਾਇਡਨ ਤੇ ਟਰੰਪ ਇੱਕ ਵਾਰ ਮੁੜ ਹੋਣਗੇ ਆਹਮੋ-ਸਾਹਮਣੇ, ਅਮਰੀਕੀ ਇਤਿਹਾਸ ‘ਚ 68 ਸਾਲ ਬਾਅਦ ਹੋਵੇਗਾ ਅਜਿਹਾ

Prabhjot Kaur
2 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤੀ ਹੈ। ਇਸ ਨਾਲ ਦੋਵਾਂ ਨੇ ਆਪੋ-ਆਪਣੇ ਪਾਰਟੀਆਂ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਵੱਲ ਕਦਮ ਵਧਾਏ ਹਨ। ਰਾਸ਼ਟਰਪਤੀ ਬਾਇਡਨ ਨੇ ਜਾਰਜੀਆ ਵਿੱਚ ਪਾਰਟੀ ਦੀ ਪ੍ਰਾਇਮਰੀ ਚੋਣ ਆਸਾਨੀ ਨਾਲ ਜਿੱਤ ਲਈ ਅਤੇ ਹੁਣ ਰਾਸ਼ਟਰਪਤੀ ਚੋਣ ਲਈ ਪਾਰਟੀ ਦੇ ਸੰਭਾਵੀ ਉਮੀਦਵਾਰ ਬਣ ਗਏ ਹਨ। ਬਾਇਡਨ ਨੂੰ ਕੁੱਲ 3,933 ਡੈਲੀਗੇਟਾਂ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰ) ਵਿੱਚੋਂ ਅੱਧੇ ਤੋਂ ਵੱਧ ਦਾ ਸਮਰਥਨ ਪ੍ਰਾਪਤ ਹੋਇਆ ਹੈ। ਡੈਮੋਕਰੇਟਿਕ ਉਮੀਦਵਾਰ ਬਣਨ ਲਈ, 1,968 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ।

ਮੰਗਲਵਾਰ ਦੇ ਨਤੀਜਿਆਂ ਨੇ 2024 ਦੀਆਂ ਆਮ ਚੋਣਾਂ ਦੀ ਮੁਹਿੰਮ ਦਾ ਰਾਹ ਸਾਫ਼ ਕਰ ਦਿੱਤਾ ਹੈ। ਹੁਣ ਸਿਰਫ਼ 8 ਮਹੀਨਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ। ਇਹ ਆਧੁਨਿਕ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੀ ਮੁਹਿੰਮ ਹੋਵੇਗੀ। ਇਸ ਤੋਂ ਇਲਾਵਾ, ਇਹ 68 ਸਾਲਾਂ ਵਿੱਚ ਦੇਸ਼ ਦੀ ਪਹਿਲੀ ਰਾਸ਼ਟਰਪਤੀ ਚੋਣ ਹੋਵੇਗੀ ਜਦੋਂ ਦੋ ਉਮੀਦਵਾਰ ਇੱਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ। ਪਿਛਲੀ ਵਾਰ ਅਜਿਹਾ ਇਤਫ਼ਾਕ 1956 ਵਿੱਚ ਰਾਸ਼ਟਰਪਤੀ ਚੋਣ ਵਿੱਚ ਹੋਇਆ ਸੀ, ਜਦੋਂ ਰਿਪਬਲਿਕਨ ਰਾਸ਼ਟਰਪਤੀ ਡਵਾਈਟ ਡੀ. ਆਈਜ਼ਨਹਾਵਰ ਨੇ ਆਪਣੇ ਡੈਮੋਕਰੇਟਿਕ ਵਿਰੋਧੀ ਐਡਲਾਈ ਸਟੀਵਨਸਨ ਨੂੰ ਹਰਾਇਆ ਸੀ।

ਬਾਇਡਨ ਨੂੰ ਅਗਸਤ ‘ਚ ਸ਼ਿਕਾਗੋ ‘ਚ ਹੋਣ ਵਾਲੀ ‘ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ’ ਦੌਰਾਨ ਪਾਰਟੀ ਦੇ ਉਮੀਦਵਾਰ ਦਾ ਰਸਮੀ ਐਲਾਨ ਕੀਤਾ ਜਾਵੇਗਾ। ਟਰੰਪ (77) ਨੂੰ ਹੁਣ ਤੱਕ 1,215 ਡੈਲੀਗੇਟਾਂ ਦਾ ਸਮਰਥਨ ਮਿਲ ਚੁੱਕਾ ਹੈ। ਜੁਲਾਈ ‘ਚ ‘ਰਿਪਬਲਿਕਨ ਨੈਸ਼ਨਲ ਕਨਵੈਨਸ਼ਨ’ ‘ਚ ਟਰੰਪ ਨੂੰ ਅਧਿਕਾਰਤ ਤੌਰ ‘ਤੇ ਉਮੀਦਵਾਰ ਐਲਾਨਿਆ ਜਾਵੇਗਾ। ਟਰੰਪ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਹੋਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment