ਪੁਤਿਨ ਨਾਲ ਜੁੜੇ ਸਵਾਲ ਨੂੰ ਲੈ ਕੇ ਪੱਤਰਕਾਰ ‘ਤੇ ਭੜਕੇ ਟਰੰਪ, ਭਾਰਤ ਨੂੰ ਦਿੱਤੀ ਮੁੜ ਚਿਤਾਵਨੀ

Global Team
4 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਭਾਰਤ ’ਤੇ ਨਿਸ਼ਾਨਾ ਸਾਧ ਰਹੇ ਹਨ। ਬੁੱਧਵਾਰ, 3 ਸਤੰਬਰ 2025 ਨੂੰ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਰੂਸੀ ਤੇਲ ਦੀ ਖਰੀਦ ਲਈ ਭਾਰਤ ’ਤੇ  ਪਾਬੰਦੀਆਂ ਲਗਾਈਆਂ ਹਨ ਅਤੇ ਸੰਕੇਤ ਦਿੱਤਾ ਕਿ ਅਗਲੇ ਪੜਾਅ ’ਚ ਹੋਰ ਸਖਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਕਦਮ ਨਾਲ ਮਾਸਕੋ ਨੂੰ ਸੈਂਕੜੇ ਅਰਬ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਚਿਤਾਵਨੀ ਦਿੱਤੀ ਕਿ “ਦੂਜਾ ਪੜਾਅ” ਅਤੇ “ਤੀਜੇ ਪੜਾਅ” ਦੀਆਂ ਪਾਬੰਦੀਆਂ ਅਜੇ ਵੀ ਵਿਚਾਰ ਅਧੀਨ ਹਨ।

ਟਰੰਪ ਦੀ ਪੋਲੈਂਡ ਪੱਤਰਕਾਰ ਨਾਲ ਤਿੱਖੀ ਬਹਿਸ

ਟਰੰਪ ਦੀ ਇਹ ਟਿੱਪਣੀ ਓਵਲ ਆਫਿਸ ’ਚ ਪੋਲੈਂਡ ਦੇ ਰਾਸ਼ਟਰਪਤੀ ਕੈਰੋਲ ਨਵਰੋਕੀ ਨਾਲ ਦੁਵੱਲੀ ਮੀਟਿੰਗ ਦੌਰਾਨ ਆਈ। ਜਦੋਂ ਇੱਕ ਪੋਲਿਸ਼ ਪੱਤਰਕਾਰ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਤੀ ਨਾਰਾਜ਼ਗੀ ਦਿਖਾਉਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਦਾ ਸਵਾਲ ਕੀਤਾ, ਤਾਂ ਟਰੰਪ ਸਪਸ਼ਟ ਤੌਰ ’ਤੇ ਨਾਰਾਜ਼ ਦਿਖਾਈ ਦਿੱਤੇ। ਪੱਤਰਕਾਰ ਨੇ ਪੁੱਛਿਆ ਕਿ ਉਨ੍ਹਾਂ ਨੇ ਪੁਤਿਨ ਪ੍ਰਤੀ ਨਿਰਾਸ਼ਾ ਅਤੇ ਹਤਾਸ਼ਾ ਜ਼ਾਹਰ ਕੀਤੀ ਸੀ, ਪਰ ਇਸ ਸਬੰਧ ’ਚ ਕੋਈ ਕਾਰਵਾਈ ਨਹੀਂ ਕੀਤੀ।

ਟਰੰਪ ਨੇ ਜਵਾਬ ’ਚ ਕਿਹਾ, “ਤੁਹਾਨੂੰ ਕਿਵੇਂ ਪਤਾ ਕਿ ਕੋਈ ਕਾਰਵਾਈ ਨਹੀਂ ਹੋਈ? ਕੀ ਤੁਸੀਂ ਕਹੋਗੇ ਕਿ ਚੀਨ ਤੋਂ ਬਾਅਦ ਸਭ ਤੋਂ ਵੱਡੇ ਖਰੀਦਦਾਰ ਭਾਰਤ ’ਤੇ ਸੈਕੰਡਰੀ ਪਾਬੰਦੀਆਂ ਲਗਾਉਣਾ ਕੋਈ ਕਾਰਵਾਈ ਨਹੀਂ ਹੈ? ਇਸ ਨਾਲ ਰੂਸ ਨੂੰ ਸੈਂਕੜੇ ਅਰਬ ਡਾਲਰ ਦਾ ਨੁਕਸਾਨ ਹੋਇਆ। ਤੁਸੀਂ ਇਸ ਨੂੰ ਕੋਈ ਕਾਰਵਾਈ ਨਹੀਂ ਕਹੋਗੇ? ਮੈਂ ਅਜੇ ਦੂਜਾ ਜਾਂ ਤੀਜਾ ਪੜਾਅ ਪੂਰਾ ਨਹੀਂ ਕੀਤਾ। ਜਦੋਂ ਤੁਸੀਂ ਕਹਿੰਦੇ ਹੋ ਕਿ ਕੋਈ ਕਾਰਵਾਈ ਨਹੀਂ ਹੋਈ, ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਕੋਈ ਨਵੀਂ ਨੌਕਰੀ ਲੱਭ ਲੈਣੀ ਚਾਹੀਦੀ।”

ਭਾਰਤ ਨੂੰ ਸਖਤ ਚਿਤਾਵਨੀ

ਟਰੰਪ ਨੇ ਅੱਗੇ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀ ਚਿਤਾਵਨੀ ਸਪਸ਼ਟ ਸੀ। ਉਨ੍ਹਾਂ ਨੇ ਕਿਹਾ, “ਦੋ ਹਫਤੇ ਪਹਿਲਾਂ ਮੈਂ ਕਿਹਾ ਸੀ ਕਿ ਜੇ ਭਾਰਤ ਤੇਲ ਖਰੀਦਦਾ ਹੈ, ਤਾਂ ਉਸ ਨੂੰ ਵੱਡੀਆਂ ਸਮੱਸਿਆਵਾਂ ਹੋਣਗੀਆਂ, ਅਤੇ ਅਜਿਹਾ ਹੀ ਹੋਇਆ। ਇਸ ਲਈ ਮੈਨੂੰ ਇਸ ਬਾਰੇ ਨਾ ਦੱਸੋ।”

ਭਾਰਤ ’ਤੇ ਹੋਰ ਸਜ਼ਾਵਾਂ ਦਾ ਖਤਰਾ

ਟਰੰਪ ਨੇ ਭਾਰਤ ਨੂੰ ਚੀਨ ਤੋਂ ਬਾਅਦ ਰੂਸੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਦੱਸਿਆ ਅਤੇ ਸੰਕੇਤ ਦਿੱਤਾ ਕਿ ਜੇ ਭਾਰਤ ਮਾਸਕੋ ਤੋਂ ਊਰਜਾ ਆਯਾਤ ਜਾਰੀ ਰੱਖਦਾ ਹੈ, ਤਾਂ ਉਸ ਨੂੰ ਹੋਰ ਸਜ਼ਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਮਰੀਕਾ ਨੇ ਚੀਨ ’ਤੇ ਵਾਧੂ ਟੈਰਿਫ ਨਵੰਬਰ ਤੱਕ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਹੈ, ਜਦਕਿ ਭਾਰਤ ’ਤੇ ਭਾਰੀ ਟੈਰਿਫ ਲਗਾਇਆ ਗਿਆ ਹੈ। ਟਰੰਪ ਨੇ ਭਾਰਤ ’ਤੇ 25 ਪ੍ਰਤੀਸ਼ਤ ਟੈਰਿਫ ਲਗਾਇਆ ਹੈ ਅਤੇ ਰੂਸੀ ਤੇਲ ਦੀ ਖਰੀਦ ’ਤੇ 25 ਪ੍ਰਤੀਸ਼ਤ ਵਾਧੂ ਟੈਰਿਫ ਵੀ ਲਗਾਇਆ ਹੈ। 27 ਅਗਸਤ ਤੋਂ ਲਾਗੂ ਹੋਏ ਇਨ੍ਹਾਂ ਨਵੇਂ ਉਪਾਵਾਂ ਨੇ ਭਾਰਤੀ ਵਸਤਾਂ ’ਤੇ ਸ਼ੁਲਕ ਨੂੰ ਪ੍ਰਭਾਵੀ ਤੌਰ ’ਤੇ ਦੁੱਗਣਾ ਕਰ ਦਿੱਤਾ ਹੈ, ਜਿਸ ਨਾਲ ਕੁੱਲ ਟੈਰਿਫ 50 ਪ੍ਰਤੀਸ਼ਤ ਹੋ ਗਿਆ ਹੈ।

ਭਾਰਤ ਦਾ ਸਖਤ ਰੁਖ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਹ ਕਿਸਾਨਾਂ, ਪਸ਼ੂਪਾਲਕਾਂ ਅਤੇ ਛੋਟੇ ਉਦਯੋਗਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸਾਡੇ ’ਤੇ ਦਬਾਅ ਵਧ ਸਕਦਾ ਹੈ, ਪਰ ਅਸੀਂ ਇਸ ਨੂੰ ਸਹਿਣ ਕਰਾਂਗੇ। ਭਾਰਤ ਨੇ ਅਮਰੀਕਾ ਵੱਲੋਂ ਲਗਾਏ ਟੈਰਿਫ ਨੂੰ ਅਨੁਚਿਤ ਦੱਸਿਆ ਹੈ। ਭਾਰਤ ਦਾ ਕਹਿਣਾ ਹੈ ਕਿ ਕਿਸੇ ਵੀ ਵੱਡੀ ਅਰਥਵਿਵਸਥਾ ਦੀ ਤਰ੍ਹਾਂ, ਉਹ ਆਪਣੇ ਰਾਸ਼ਟਰੀ ਹਿੱਤਾਂ ਅਤੇ ਆਰਥਿਕ ਸੁਰੱਖਿਆ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇਗਾ।

Share This Article
Leave a Comment