ਨੇਪਾਲ ‘ਚ ਆਇਆ ਭੂਚਾਲ, 6 ਲੋਕਾਂ ਦੀ ਮੌਤ

Rajneet Kaur
3 Min Read

ਨਿਊਜ਼ ਡੈਸਕ: ਹਿਮਾਲੀਅਨ ਖੇਤਰ ‘ਚ ਦੇਰ ਰਾਤ ਆਏ ਭੂਚਾਲ ‘ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਭੂਚਾਲ ਦੇ ਝਟਕੇ ਨੇਪਾਲ ਦੇ ਕੁਝ ਹਿੱਸਿਆਂ ਅਤੇ ਉੱਤਰੀ ਭਾਰਤ ਵਿੱਚ ਵੀ ਮਹਿਸੂਸ ਕੀਤੇ ਗਏ। ਜਿਸ ਕਾਰਨ ਅੱਧੀ ਰਾਤ ਨੂੰ ਸੁੱਤੇ ਹੋਏ ਲੋਕ ਅਚਾਨਕ ਘਰਾਂ ਵਿੱਚੋਂ ਬਾਹਰ ਨਿਕਲ ਗਏ।

ਭਾਰਤ ਦੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ, ਦੇਰ ਰਾਤ 1 ਵਜ ਕੇ 57 ਮਿੰਟ ‘ਤੇ 6.3 ਤੀਬਰਤਾ ਦਾ ਭੂਚਾਲ ਆਇਆ ਸੀ। ਜਿਸਦਾ ਕੇਂਦਰ ਉੱਤਰਾਖੰਡ ਦੇ ਪਿਥੌਰਾਗੜ੍ਹ ਤੋਂ ਲਗਭਗ 90 ਕਿਲੋਮੀਟਰ ਪੂਰਬ-ਦੱਖਣ ਪੂਰਬ ਵਿੱਚ ਨੇਪਾਲ ਵਿੱਚ ਸੀ। ਪਿਛਲੇ ਕੁਝ ਦਿਨਾਂ ‘ਚ ਇਸ ਖੇਤਰ ‘ਚ ਕਈ ਵਾਰ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਐਨਸੀਐਸ ਦੇ ਅਨੁਸਾਰ, ਉੱਤਰਾਖੰਡ-ਨੇਪਾਲ ਖੇਤਰ ਵਿੱਚ ਕ੍ਰਮਵਾਰ ਸਵੇਰੇ 3 ਵਜ ਕੇ 15 ਮਿੰਟ  ਅਤੇ 6 ਵਜ ਕੇ 27 ਮਿੰਟ ‘ਤੇ 3.6 ਅਤੇ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੇਪਾਲ ਦੇ ਰਾਸ਼ਟਰੀ ਭੂਚਾਲ ਨਿਗਰਾਨੀ ਕੇਂਦਰ ਮੁਤਾਬਕ ਨੇਪਾਲ ‘ਚ ਦੇਰ ਰਾਤ 2.12 ਵਜੇ 6.6 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਕੇਂਦਰ ਡੋਟੀ ਜ਼ਿਲ੍ਹੇ ਵਿੱਚ ਸੀ। ਇਸ ਤੋਂ ਪਹਿਲਾਂ ਪੱਛਮੀ ਨੇਪਾਲ ਵਿੱਚ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਸਨ। ਮੰਗਲਵਾਰ ਰਾਤ 9.07 ਵਜੇ 5.7 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਮੰਗਲਵਾਰ ਰਾਤ 9:56 ਵਜੇ 4.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਨੇਪਾਲ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਫਨਿੰਦਰਾ ਪੋਖਰਲ ਨੇ ਦੱਸਿਆ ਕਿ ਭੂਚਾਲ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ। ਪੋਖਰੈਲ ਨੇ ਦੱਸਿਆ ਕਿ ਪੰਜ ਗੰਭੀਰ ਜ਼ਖ਼ਮੀ ਲੋਕਾਂ ਨੂੰ ਡੋਟੀ ਦੇ ਜ਼ਿਲ੍ਹਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਭੂਚਾਲ ‘ਚ ਇਕ ਪੁਲਿਸ ਚੌਕੀ ਅਤੇ ਅੱਠ ਘਰਾਂ ਦੇ ਢਹਿ ਜਾਣ ਦੀ ਸੂਚਨਾ ਹੈ। ਨੇਪਾਲ ਦੇ ਡੋਟੀ ਜ਼ਿਲੇ ‘ਚ ਪੁਲਿਸ ਦਫਤਰ ਦੇ ਕਾਰਜਕਾਰੀ ਮੁਖੀ ਭੋਲਾ ਭੱਟਾ ਨੇ ਦੱਸਿਆ ਕਿ ਭੂਚਾਲ ਦੌਰਾਨ ਕਈ ਘਰ ਨੁਕਸਾਨੇ ਗਏ ਅਤੇ ਲੋਕ ਮਲਬੇ ‘ਚ ਦੱਬ ਗਏ।ਨੇਪਾਲ ਦੀ ਸੈਨਾ ਅਤੇ ਪੁਲਿਸ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment