ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਵੀਡਨ ਦੀ ਸਮਾਜਿਕ ਕਾਰਕੁੰਨ ਗ੍ਰੇਟਾ ਥਨਬਰਗ ਬਾਰੇ ਵੱਡਾ ਬਿਆਨ ਦਿੱਤਾ ਹੈ। ਟਰੰਪ ਨੇ ਗ੍ਰੇਟਾ ਨੂੰ ਮੁਸੀਬਤ ਪੈਦਾ ਕਰਨ ਵਾਲੀ ਔਰਤ ਕਹਿੰਦਿਆਂ ਕਿਹਾ ਕਿ ਉਸ ਨੂੰ ਡਾਕਟਰ ਕੋਲ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਤੁਸੀਂ ਉਸ ਨੂੰ ਵੇਖੋਗੇ ਤਾਂ ‘ਯੰਗ ਹੋਣ ਦੇ ਬਾਵਜੂਦ ਉਹ ਬਹੁਤ ਗੁੱਸੇ ਵਾਲੀ ਅਤੇ ਪਾਗਲ ਹੈ।’
ਟਰੰਪ ਅਤੇ ਥਨਬਰਗ ਵਿਚਾਲੇ ਪੁਰਾਣਾ ਵਿਵਾਦ
ਅਮਰੀਕੀ ਰਾਸ਼ਟਰਪਤੀ ਅਤੇ ਗ੍ਰੇਟਾ ਵਿਚਕਾਰ ਝਗੜਾ ਪੁਰਾਣਾ ਹੈ। ਟਰੰਪ ਪਹਿਲਾਂ ਵੀ ਗ੍ਰੇਟਾ ਬਾਰੇ ਬੋਲ ਚੁੱਕੇ ਹਨ। ਜੂਨ 2025 ਵਿੱਚ ਵੀ ਉਨ੍ਹਾਂ ਨੇ ਗ੍ਰੇਟਾ ਨੂੰ ਅਜੀਬ, ਨੌਜਵਾਨ ਅਤੇ ਗੁੱਸੇ ਵਾਲੀ ਕਿਹਾ ਸੀ ਅਤੇ ਕਿਹਾ ਸੀ ਕਿ ਉਸ ਨੂੰ ਗੁੱਸੇ ਦੀ ਸਮੱਸਿਆ ਹੈ। ਉਸ ਵੇਲੇ ਟਰੰਪ ਨੇ ਗ੍ਰੇਟਾ ਦੀ ਇਜ਼ਰਾਈਲ ਪਹੁੰਚਣ ਦੀ ਕੋਸ਼ਿਸ਼ ਦੀ ਵੀ ਨਿੰਦਾ ਕੀਤੀ ਸੀ।
ਗ੍ਰੇਟਾ ਥਨਬਰਗ ਨੇ ਗਾਜ਼ਾ ਵਿੱਚ ਇਜ਼ਰਾਈਲ ਦੇ ਹਮਲੇ ਵਿਰੁੱਧ ਸਖ਼ਤ ਸੁਨੇਹਾ ਵੀ ਦਿੱਤਾ ਹੈ। ਉਨ੍ਹਾਂ ਨੇ ਕਿਹਾ, “ਮੈਂ ਬਿਲਕੁਲ ਸਾਫ਼ ਕਰ ਦੇਵਾਂਗੀ, ਉੱਥੇ ਨਰਸੰਹਾਰ ਚੱਲ ਰਿਹਾ ਹੈ। ਸਾਡੀਆਂ ਅੰਤਰਰਾਸ਼ਟਰੀ ਵਿਵਸਥਾਵਾਂ ਫ਼ਲਸਤੀਨੀਆਂ ਨਾਲ ਵਿਸ਼ਵਾਸਘਾਤ ਕਰ ਰਹੀਆਂ ਹਨ। ਉਹ ਸਭ ਤੋਂ ਭਿਆਨਕ ਯੁੱਧ ਅਪਰਾਧਾਂ ਨੂੰ ਵੀ ਨਹੀਂ ਰੋਕ ਸਕਦੀਆਂ।” ਇਜ਼ਰਾਈਲ ਨੇ ਗ੍ਰੇਟਾ ਦੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ।
ਇਜ਼ਰਾਈਲੀ ਫੌਜ ਨੇ ਕੀਤੀ ਗ੍ਰਿਫ਼ਤਾਰੀ:
ਇਸ ਵਿਚਾਲੇ ਇਹ ਵੀ ਦੱਸ ਦਈਏ ਕਿ ਇਜ਼ਰਾਈਲ ਵੱਲੋਂ ਕੱਢੇ ਜਾਣ ਤੋਂ ਬਾਅਦ ਗ੍ਰੇਟਾ ਥਨਬਰਗ ਐਥੈਂਜ਼ ਪਹੁੰਚ ਗਈ ਹੈ, ਜਿੱਥੇ ਲੋਕਾਂ ਨੇ ਉਸ ਦਾ ਜੋਰਦਾਰ ਸਵਾਗਤ ਕੀਤਾ। ਸਵੀਡਨੀ ਐਕਟੀਵਿਸਟ ਗ੍ਰੇਟਾ ਉਨ੍ਹਾਂ 479 ਕਾਰਕੁਨਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੂੰ ਇਜ਼ਰਾਈਲੀ ਫੌਜ ਨੇ ਗ੍ਰਿਫ਼ਤਾਰ ਕੀਤਾ ਸੀ। ਇਹ ਗਰੂਪ ਗਾਜ਼ਾ ਦੀ ਨੌਸੈਨਿਕ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਜ਼ਰਾਈਲ ਨੇ ਸੋਮਵਾਰ ਨੂੰ ਗ੍ਰੇਟਾ ਸਮੇਤ 171 ਲੋਕਾਂ ਨੂੰ ਨਿਵਾਸਨ ਕੀਤਾ ਸੀ, ਜਿਸ ਨਾਲ ਕੱਢੇ ਜਾਣ ਵਾਲਿਆਂ ਦੀ ਕੁੱਲ ਗਿਣਤੀ 341 ਹੋ ਗਈ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।