“3 ਕਰੋੜ ਜਾਨਾਂ ਬਚਾਈਆਂ”: ਟਰੰਪ ਦਾ ਮੁੜ ਦਾਅਵਾ, ਕਿਹਾ ਇਸ ਧਮਕੀ ਨਾਲ ਭਾਰਤ-ਪਾਕਿਸਤਾਨ ਵਿਚਾਲੇ ਟਲੀ ਪਰਮਾਣੂ ਜੰਗ

Global Team
2 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਭਾਵਿਤ ਪਰਮਾਣੂ ਜੰਗ ਨੂੰ ਰੋਕਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ਨੂੰ ਭਾਰੀ ਟੈਰਿਫ ਲਗਾਉਣ ਦੀ ਚੇਤਾਵਨੀ ਦੇ ਕੇ ਟਕਰਾਅ ਨੂੰ ਰੋਕਿਆ ਗਿਆ।

ਇੱਕ ਚੈਨਲ ਨਾਲ ਇੰਟਰਵਿਊ ਵਿੱਚ ਕੀਤਾ ਦਾਅਵਾ

CNBC ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਟ੍ਰੇਡ ਨੀਤੀ ਰਾਹੀਂ ਕਈ ਟਕਰਾਵਾਂ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦਾ ਦਾਅਵਾ ਸੀ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕੁੱਲ 8 ਜੰਗਾਂ ਰੋਕੀਆਂ ਅਤੇ ਇਨ੍ਹਾਂ ਵਿੱਚੋਂ 5 ਸਿਰਫ਼ ਟੈਰਿਫ ਦੀ ਨੀਤੀ ਕਾਰਨ ਟਲੀਆਂ।

ਭਾਰਤ-ਪਾਕਿਸਤਾਨ ਨੂੰ ਦਿੱਤੀ ਸੀ ਚੇਤਾਵਨੀ

ਟਰੰਪ ਨੇ ਕਿਹਾ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਿਆ ਹੋਇਆ ਸੀ, ਤਾਂ ਉਨ੍ਹਾਂ ਨੇ ਦੋਵੇਂ ਦੇਸ਼ਾਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਸੀ ਕਿ ਜੇ ਲੜਾਈ ਜਾਰੀ ਰਹੀ ਤਾਂ ਅਮਰੀਕਾ ਉਨ੍ਹਾਂ ‘ਤੇ 200 ਫ਼ੀਸਦੀ ਟੈਰਿਫ ਲਗਾ ਦੇਵੇਗਾ। ਉਨ੍ਹਾਂ ਦੇ ਮੁਤਾਬਕ ਇਹ ਆਰਥਿਕ ਦਬਾਅ ਹੀ ਸੀ ਜਿਸ ਨਾਲ ਹਾਲਾਤ ਕਾਬੂ ਵਿੱਚ ਆਏ।

‘3 ਕਰੋੜ ਲੋਕਾਂ ਦੀ ਜਾਨ ਬਚੀ’

ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਵੇਲੇ ਦੋਵੇਂ ਦੇਸ਼ ਪਰਮਾਣੂ ਜੰਗ ਵੱਲ ਵੱਧ ਰਹੇ ਸਨ। ਉਨ੍ਹਾਂ ਦੇ ਅਨੁਸਾਰ 11 ਜਹਾਜ਼ ਡਿੱਗ ਚੁੱਕੇ ਸਨ ਅਤੇ ਹਾਲਾਤ ਬਹੁਤ ਗੰਭੀਰ ਸਨ। ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਦਖਲ ਨਾਲ ਲਗਭਗ 3 ਕਰੋੜ ਲੋਕਾਂ ਦੀ ਜਾਨ ਬਚ ਗਈ।

ਸ਼ਹਿਬਾਜ਼ ਸ਼ਰੀਫ਼ ਦਾ ਵੀ ਕੀਤਾ ਜ਼ਿਕਰ

ਟਰੰਪ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਵੀ ਉਨ੍ਹਾਂ ਦੇ ਦਖਲ ਦੀ ਸ਼ਲਾਘਾ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਨਾਲ ਲੱਖਾਂ ਨਹੀਂ, ਸਗੋਂ 3 ਕਰੋੜ ਲੋਕਾਂ ਦੀ ਜਾਨ ਬਚੀ।

ਭਾਰਤ ਪਹਿਲਾਂ ਹੀ ਕਰ ਚੁੱਕਾ ਹੈ ਦਾਅਵਾ ਖਾਰਜ

ਹਾਲਾਂਕਿ ਟਰੰਪ ਪਹਿਲਾਂ ਵੀ ਕਈ ਵਾਰ ਭਾਰਤ-ਪਾਕਿਸਤਾਨ ਵਿਚਾਲੇ ਜੰਗ ਰੋਕਣ ਦਾ ਸਿਹਰਾ ਆਪਣੇ ਸਿਰ ਬੰਨ੍ਹ ਚੁੱਕੇ ਹਨ, ਪਰ ਭਾਰਤ ਸਰਕਾਰ ਉਨ੍ਹਾਂ ਦੇ ਇਸ ਦਾਅਵੇ ਨੂੰ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਭਾਰਤ ਦਾ ਕਹਿਣਾ ਹੈ ਕਿ ਜੰਗਬੰਦੀ ਦਾ ਫੈਸਲਾ ਦੋਵੇਂ ਦੇਸ਼ਾਂ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼ (DGMO) ਦਰਮਿਆਨ ਹੋਈ ਦੋਪੱਖੀ ਗੱਲਬਾਤ ਤੋਂ ਬਾਅਦ ਹੋਇਆ ਸੀ ਅਤੇ ਇਸ ਲਈ ਪਾਕਿਸਤਾਨ ਵੱਲੋਂ ਸੰਪਰਕ ਕੀਤਾ ਗਿਆ ਸੀ।

Share This Article
Leave a Comment