ਅਮਰੀਕਾ : ਰਾਸ਼ਟਰਪਤੀ ਡੋਨਾਲਡ ਟਰੰਪ ਦੁਨੀਆ ਭਰ ਦੇ ਵੱਖ-ਵੱਖ ਉਤਪਾਦਾਂ ‘ਤੇ ਟੈਰਿਫ ਲਗਾਉਣ ਦੇ ਆਪਣੇ ਫੈਸਲੇ ਤੋਂ ਅਚਾਨਕ ਪਿੱਛੇ ਹਟ ਗਏ ਹਨ। ਉਨ੍ਹਾਂ ਨੇ ਬੀਫ, ਕੌਫੀ, ਫਲਾਂ ਸਣੇ ਹੋਰ ਕਈ ਚੀਜ਼ਾਂ ‘ਤੇ ਅਮਰੀਕੀ ਟੈਰਿਫ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਇਕਵਾਡੋਰ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਅਰਜਨਟੀਨਾ ਨਾਲ ਸਮਝੌਤਿਆਂ ਤੋਂ ਥੋੜ੍ਹੀ ਦੇਰ ਬਾਅਦ ਆਇਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਹਨ। ਜਿਸ ਵਿੱਚ ਬੀਫ, ਕੌਫੀ ਅਤੇ ਫਲਾਂ ਸਮੇਤ ਦਰਜਨਾਂ ਖੇਤੀਬਾੜੀ ਉਤਪਾਦਾਂ ‘ਤੇ ਟੈਰਿਫ ਹਟਾ ਦਿੱਤਾ ਗਿਆ, ਜਿਸ ਵਿੱਚ ਮਹਿੰਗਾਈ ਨੂੰ ਇੱਕ ਵੱਡਾ ਕਾਰਨ ਦੱਸਿਆ ਗਿਆ।
ਟ੍ਰੰਪ ਪ੍ਰਸ਼ਾਸ਼ਨ ਨੇ ਇਹ ਕਦਮ ਉਤਪਾਦਾਂ ਦੀਆਂ ਕੀਮਤਾਂ ਨੂੰ ਸਥਿਰ ਕਰਨ ਲਈ ਚੁੱਕਿਆ ਹੈ। ਕਿਉਂਕਿ ਇਨ੍ਹਾਂ ‘ਤੇ ਲਗਾਏ ਟੈਰਿਫ ਦਾ ਸਿੱਧਾ ਬੋਝ ਖਪਤਕਾਰਾਂ ‘ਤੇ ਪੈ ਰਿਹਾ ਸੀ। ਬੀਫ, ਕੌਫੀ, ਚਾਹ, ਫਲਾਂ ਦਾ ਜੂਸ, ਕੋਕੋ, ਮਸਾਲੇ, ਕੇਲੇ, ਸੰਤਰੇ, ਟਮਾਟਰ ਅਤੇ ਕੁਝ ਖਾਦ ਉਤਪਾਦਾਂ ਨੂੰ ਟੈਰਿਫ-ਮੁਕਤ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਹਾਲ ਹੀ ਦੇ ਮਹੀਨਿਆਂ ਵਿੱਚ, ਬੀਫ ਸਮੇਤ ਕਈ ਭੋਜਨ ਉਤਪਾਦਾਂ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਦਰਜ ਕੀਤਾ ਗਿਆ। ਅਪ੍ਰੈਲ ਵਿੱਚ ਰਾਸ਼ਟਰਪਤੀ ਟਰੰਪ ਨੇ ਕਈ ਦੇਸ਼ਾਂ ‘ਤੇ ਟੈਰਿਫ ਲਗਾਏ। ਉਨ੍ਹਾਂ ਦੇ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਇਹ ਟੈਰਿਫ ਖਪਤਕਾਰਾਂ ਕੀਮਤਾਂ ਵਿੱਚ ਵਾਧਾ ਨਹੀਂ ਕਰਨਗੇ। ਪਰ ਨਤੀਜਾ ਇਸਦੇ ਉਲਟ ਰਿਹਾ। ਹੁਣ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਟਰੰਪ ਨੇ ਆਖਰਕਾਰ ਸਵੀਕਾਰ ਕਰ ਲਿਆ ਹੈ ਕਿ ਉਨ੍ਹਾਂ ਦੁਆਰਾ ਲਗਾਏ ਗਏ ਟੈਰਿਫ ਅਮਰੀਕੀਆਂ ਦੀਆਂ ਜੇਬਾਂ ਖਾਲੀ ਕਰ ਰਹੇ ਸਨ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਉਸਦੇ ਟੈਰਿਫਾਂ ਨੇ ਸਰਕਾਰੀ ਖਜ਼ਾਨੇ ਨੂੰ ਭਰਿਆ ਹੈ ਅਤੇ ਦੇਸ਼ ਭਰ ਵਿੱਚ ਦੁਕਾਨਾਂ ‘ਤੇ ਉੱਚੀਆਂ ਕੀਮਤਾਂ ਦਾ ਵੱਡਾ ਕਾਰਨ ਇਹ ਨਹੀਂ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

