ਟਰੰਪ ਦੂਜੀ ਵਾਰ  ਹੋਏ ਸੈਨੇਟ ‘ਚ  ਮਹਾਂਦੋਸ਼ ਤੋਂ ਬਰੀ, ਕਿਹਾ ਕੋਈ ਵੀ ਰਾਸ਼ਟਰਪਤੀ ਇਸ ਤਰ੍ਹਾਂ ਦੀ ਕਾਰਵਾਈ ਤੋਂ ਨਹੀਂ ਲੰਘਿਆ

TeamGlobalPunjab
3 Min Read

ਵਾਸ਼ਿੰਗਟਨ:– ਸਾਬਕਾ ਰਾਸ਼ਟਰਪਤੀ ਤੇ ਰਿਪਬਲੀਕਨ ਨੇਤਾ ਡੋਨਲਡ ਟਰੰਪ ਖਿਲਾਫ ਇੱਕ ਸਾਲ ਦੇ ਅੰਦਰ ਦੂਜੀ ਵਾਰ ਯੂਐਸ ਦੇ ਸਦਨ ਦੀ ਸੈਨੇਟ ‘ਚ ਲਿਆਂਦਾ ਗਿਆ ਮਹਾਂਦੋਸ਼ ਪਾਸ ਨਹੀਂ ਹੋ ਸਕਿਆ।  ਕੈਪੀਟਲ ਹਿੱਲ ‘ਚ ਹਿੰਸਾ ਭੜਕਾਉਣ ਲਈ ਟਰੰਪ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਤੇ ਮਹਾਂਦੋਸ਼ ਲਾਇਆ ਗਿਆ ਸੀ, ਜਿਸ ਨੂੰ ਪਾਸ ਕਰਨ ਲਈ ਦੋ ਤਿਹਾਈ ਜਾਂ 67 ਵੋਟਾਂ ਦੀ ਜ਼ਰੂਰਤ ਸੀ। ਪਰ ਦੋਵਾਂ ਪਾਰਟੀਆਂ ਦੇ 50-50 ਮੈਂਬਰਾਂ ਦੀਆਂ 100 ਸੀਟਾਂ ਚੋਂ, ਸਿਰਫ 57 ਵੋਟਾਂ ਡੈਮੋਕ੍ਰੇਟਸ ਹੀ ਇਕੱਤਰ ਕਰ ਸਕੀਆਂ। ਰਿਪਬਲੀਕਨ ਦੁਆਰਾ ਟਰੰਪ ਦੇ ਹੱਕ ‘ਚ 43 ਵੋਟਾਂ ਪਾਈਆਂ ਗਈਆਂ ਸਨ, ਪਰ 7 ਨੇ ਟਰੰਪ ਦੇ ਵਿਰੁੱਧ ਵੋਟ ਪਾਈ ਸੀ। ਦੱਸ ਦਈਏ ਕੈਪੀਟਲ ਹਿੱਲ ਵਿੱਚ 6 ਜਨਵਰੀ ਨੂੰ ਹੋਈ ਹਿੰਸਾ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸਦੇ ਲਈ, ਮਹਾਂਦੋਸ਼ ਮਤਾ ਲਿਆਇਆ ਗਿਆ ਸੀ ਕਿਉਂਕਿ ਟਰੰਪ ਦੇ ਭਾਸ਼ਣ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ

ਟਰੰਪ ਅਮਰੀਕੀ ਇਤਿਹਾਸ ਦੇ ਪਹਿਲੇ ਅਜਿਹੇ ਰਾਸ਼ਟਰਪਤੀ ਹਨ ਜਿਨ੍ਹਾਂ ਖ਼ਿਲਾਫ਼ ਪ੍ਰਤੀਨਿਧੀ ਸਭਾ ਵੱਲੋਂ ਦੋ ਵਾਰ ਮਹਾਦੋਸ਼ ਚਲਾਇਆ ਗਿਆ। ਉਹ ਪਹਿਲੇ ਅਜਿਹੇ ਸਾਬਕਾ ਰਾਸ਼ਟਰਪਤੀ ਹਨ ਜਿਨ੍ਹਾਂ ‘ਤੇ ਅਹੁਦੇ ਤੋਂ ਹਟਣ ਪਿੱਛੋਂ ਮਹਾਦੋਸ਼ ਚਲਾਇਆ ਗਿਆ। ਇਸ ਤੋਂ ਪਹਿਲੇ ਸੈਨੇਟ ਉਨ੍ਹਾਂ ਨੂੰ ਪੰਜ ਫਰਵਰੀ 2020 ਨੂੰ ਵੀ ਇਕ ਵਾਰ ਬਰੀ ਕਰ ਚੁੱਕੀ ਹੈ। ਉਨ੍ਹਾਂ ‘ਤੇ ਸੰਸਦ ਦੇ ਕੰਮਾਂ ‘ਚ ਰੁਕਾਵਟ ਦੇ ਨਾਲ ਸ਼ਕਤੀਆਂ ਦੀ ਦੁਰਵਰਤੋਂ ਦਾ ਦੋਸ਼ ਲੱਗਾ ਸੀ। ਡੈਮੋਕ੍ਰੇਟ ਨੇ ਦਸੰਬਰ 2019 ‘ਚ ਦੋਸ਼ ਲਗਾਇਆ ਸੀ ਕਿ ਟਰੰਪ ਨੇ ਵਿਰੋਧੀ ਬਾਇਡਨ ਨੂੰ ਭ੍ਰਿਸ਼ਟਾਚਾਰ ‘ਚ ਲਪੇਟਣ ਲਈ ਯੂਕਰੇਨ ‘ਤੇ ਦਬਾਅ ਪਾਇਆ ਸੀ।

 ਫ਼ੈਸਲੇ ਦੇ ਐਲਾਨ ਦੇ ਕੁਝ ਦੇਰ ਪਿੱਛੋਂ ਹੀ ਟਰੰਪ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਕੋਈ ਵੀ ਰਾਸ਼ਟਰਪਤੀ ਇਸ ਤਰ੍ਹਾਂ ਦੀ ਕਾਰਵਾਈ ਤੋਂ ਨਹੀਂ ਲੰਘਿਆ ਹੋਵੇਗਾ। ਟਰੰਪ ਨੇ ਕਿਹਾ ਕਿ ਇਹ ਦੇਖ ਕੇ ਦੁੱਖ ਹੋ ਰਿਹਾ ਹੈ ਕਿ ਇਕ ਸਿਆਸੀ ਪਾਰਟੀ ਨੂੰ ਕਾਨੂੰਨ ਦੇ ਸ਼ਾਸਨ ਨੂੰ ਬਦਨਾਮ ਕਰਨ ਲਈ ਖੁੱਲੀ ਛੋਟ ਦੇ ਦਿੱਤੀ ਗਈ ਹੈ। ਆਪਣੇ ਵਕੀਲਾਂ ਦਾ ਧੰਨਵਾਦ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਸਿਆਸੀ ਕਰੀਅਰ ਨੂੰ ਖ਼ਤਮ ਕਰਨ ਦਾ ਡੈਮੋਕ੍ਰੇਟਸ ਦਾ ਯਤਨ ਵੀ ਨਾਕਾਮ ਹੋ ਗਿਆ। ਆਪਣੇ ਸਮਰਥਕਾਂ ਨੂੰ ਟਰੰਪ ਨੇ ਕਿਹਾ ਕਿ ‘ਮੇਕ ਅਮਰੀਕਾ ਗ੍ਰੇਟ ਅਗੇਨ’ ਵਾਸਤਵ ‘ਚ ਹੁਣ ਸ਼ੁਰੂ ਹੋਇਆ ਹੈ। ਆਉਣ ਵਾਲੇ ਮਹੀਨੇ ‘ਚ ਤੁਹਾਡੇ ਨਾਲ ਸਾਂਝਾ ਕਰਨ ਲਈ ਬਹੁਤ ਕੁਝ ਹੈ। ਅਮਰੀਕੀ ਮਹਾਨਤਾ ਨੂੰ ਹਾਸਲ ਕਰਨ ਲਈ ਇਸ ਯਾਤਰਾ ਨੂੰ ਜਾਰੀ ਰੱਖਣ ਲਈ ਤਤਪਰ ਹਾਂ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਸੈਨੇਟ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਕੈਪੀਟਲ (ਸੰਸਦ ਭਵਨ) ‘ਚ ਛੇ ਜਨਵਰੀ ਨੂੰ ਹੋਈ ਹਿੰਸਾ ਮਾਮਲੇ ‘ਚ ਬਰੀ ਕੀਤਾ ਜਾਣਾ ਇਹ ਯਾਦ ਦਿਵਾਉਂਦਾ ਹੈ ਕਿ ਲੋਕਤੰਤਰ ਨਾਜ਼ੁਕ ਹੈ ਤੇ ਸੱਚਾਈ ਦੀ ਰੱਖਿਆ ਕਰਨਾ ਹਰ ਅਮਰੀਕੀ ਦਾ ਦਾਇਤਵ ਹੈ। ਬਾਇਡਨ ਨੇ ਟਰੰਪ ਨੂੰ ਸੈਨੇਟ ‘ਚ ਬਰੀ ਕੀਤੇ ਜਾਣ ਪਿੱਛੋਂ ਬੀਤੇ ਸ਼ਨਿਚਰਵਾਰ ਦੇਰ ਰਾਤ ਜਾਰੀ ਬਿਆਨ ‘ਚ ਕਿਹਾ ਕਿ ਹਿੰਸਾ ਤੇ ਕੱਟੜਵਾਦ ਦੀ ਅਮਰੀਕਾ ‘ਚ ਕੋਈ ਥਾਂ ਨਹੀਂ ਹੈ ਤੇ ਸੱਚ ਦਾ ਬਚਾਅ ਕਰਨਾ ਤੇ ਝੂਠ ਨੂੰ ਹਰਾਉਣਾ ਅਮਰੀਕੀ ਖ਼ਾਸ ਕਰ ਕੇ ਨੇਤਾਵਾਂ ਦੇ ਤੌਰ ‘ਤੇ ਸਾਡੀ ਸਭ ਦੀ ਜ਼ਿੰਮੇਵਾਰੀ ਹੈ।

- Advertisement -

TAGGED: , ,
Share this Article
Leave a comment